ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 26 ਜੂਨ
ਸੰਗਰੂਰ ਲੋਕ ਸਭਾ ਹਲਕਾ ਦੀ ਵਕਾਰੀ ਸੀਟ ਤੋਂ ਸਾਬਕਾ ਸੰਸਦ ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਨਾਲ ਨਿਹਾਲ ਸਿੰਘ ਵਾਲਾ, ਬੱਧਨੀਂ ਕਲਾਂ ਆਦਿ ਇਲਾਕਿਆਂ ਵਿੱਚ ਉਸ ਦੇ ਪੁਰਾਣੇ ਸਮਰਥਕਾਂ ਨੇ ਪਟਾਕੇ ਚਲਾਕੇ, ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਹਲਕਾ ਨਿਹਾਲ ਸਿੰਘ ਵਾਲਾ ਪਹਿਲਾਂ ਲੋਕ ਸਭਾ ਹਲਕਾ ਸੰਗਰੂਰ ਦਾ ਹੀ ਹਿੱਸਾ ਹੁੰਦਾ ਸੀ।
ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਨਾਲ ਹਲਕੇ ਦੇ ਮਾਨ ਧੜੇ ਦੇ ਪੁਰਾਣੇ ਆਗੂਆਂ ਵਰਕਰਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਬੱਧਨੀਂ ਕਲਾਂ ਦੇ ਮੇਨ ਬਾਜ਼ਾਰ ਵਿੱਚ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਨਿਰਮਲਜੀਤ ਸਿੰਘ ਧਾਲੀਵਾਲ, ਹਰਮੰਦਰ ਸਿੰਘ ਰਾਮਾ ਆੜ੍ਹਤੀਆ ਆਗੂ, ਨਿਰੰਜਣ ਸਿੰਘ ਕਿਸਾਨ ਆਗੂ,ਸਵਰਨ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਵਿੱਚ ਮੂੰਗੀ ਤੇ ਮੱਕੀ ਆਦਿ ਦਾ ਪੱਕਾ ਭਾਅ ਤੇ ਖਰੀਦ ਯਕੀਨੀ ਬਣਾਉਣ ਤੇ ਪੰਜਾਬ ਦੇ ਭਲੇ ਲਈ ਵੱਧ ਤੋਂ ਵੱਧ ਜ਼ੋਰ ਲਾਉਣ।
ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ
ਸ਼ਹਿਣਾ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਜਿੱਤ ਪ੍ਰਾਪਤ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਦੇ ਹਮਾਇਤੀਆਂ ਵੱਲੋਂ ਮੇਨ ਬਾਜ਼ਾਰ ਵਿੱਚ ਲੱਡੂ ਵੰਡੇ ਗਏ। ਅਕਾਲੀ ਦਲ ਅਮ੍ਰਿਤਸਰ ਦੇ ਆਗੂਆ ਨਿਰਮਲ ਸਿੰਘ, ਬਾਬਾ ਨਗਿੰਦਰ ਸਿੰਘ, ਸੁਖਵਿੰਦਰ ਸਿੰਘ, ਰਮਨਦੀਪ ਸਿੰਘ ਧਾਲੀਵਾਲ, ਸਤਨਾਮ ਸਿੰਘ, ਅਵਤਰਨਜੀਤ ਸਿੰਘ, ਚਾਨਣ ਸਿੰਘ, ਗੁਰਜੀਤ ਸਿੰਘ, ਬੇਅੰਤ ਸਿੰਘ ਸਰ੍ਹਾਂ ਨੇ ਮਾਨ ਦੀ ਜਿੱਤ ਨੂੰ ਇਤਿਹਾਸਿਕ ਕਰਾਰ ਦਿੰਦਿਆ ਆਮ ਆਦਮੀ ਪਾਰਟੀ ਦੇ ਹਾਊਮੇ ਦੀ ਹਾਰ ਹੋਈ ਹੈ। ਲਾਗਲੇ ਪਿੰਡ ਬੁਰਜ, ਉਗੋਕੇ, ਭਗਤਪੁਰਾ। ਸੁਖਪੁਰਾ, ਜਗਜੀਤਪੁਰਾ ਵਿੱਚ ਵੀ ਖੁਸ਼ੀ ਮਨਾਈ ਗਈ। ਸਮਾਜਸੇਵਕ ਸੁਖਵਿੰਦਰ ਸਿੰਘ ਕਲਕੱਤਾ ਦੀ ਅਗਵਾਈ ਵਿੱਚ ਪੰਚਾਇਤ ਘਰ ਸ਼ਹਿਣਾ ਵਿੱਚ ਲੱਡੂ ਵੰਡੇ ਗਏ। -ਪੱਤਰ ਪ੍ਰੇਰਕ