ਸ਼ਗਨ ਕਟਾਰੀਆ
ਜੈਤੋ, 28 ਮਈ
ਪਾਵਰਕੌਮ ਉਪ ਮੰਡਲ ਜੈਤੋ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਰਾਜਿੰਦਰ ਸਿੰਘ ’ਤੇ ਅੱਜ ਕਥਿਤ ਤੌਰ ’ਤੇ ਪਿੰਡ ਮੱਤਾ ਸਥਿਤ ਬਿਜਲੀ ਗਰਿੱਡ ਨੇੜੇ ਕਰੀਬ 10 ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ।
ਇਲਾਜ ਲਈ ਇੱਥੇ ਸਿਵਲ ਹਸਪਤਾਲ ’ਚ ਦਾਖ਼ਲ ਐਸਡੀਓ ਰਾਜਿੰਦਰ ਸਿੰਘ ਅਤੇ ਮੰਡਲ ਕੋਟਕਪੂਰਾ ਦੇ ਐਡੀਸ਼ਨਲ ਐਕਸੀਅਨ ਮੰਡਲ ਚੁਨੀਸ਼ ਜੈਨ ਨੇ ਦੱਸਿਆ ਕਿ ਓਵਰਲੋਡ ਰਾਮੂੰਵਾਲਾ ਫ਼ੀਡਰ ਨੂੰ ਡੀ-ਲੋਡ ਕਰਨ ਲਈ ਮੱਤਾ ਗਰਿੱਡ ’ਤੇ ਕੰਮ ਚੱਲ ਰਿਹਾ ਸੀ। ਇਸ ਕੰਮ ਲਈ ਪਿੰਡ ਮੱਤਾ ਦੇ ਇਕ ਕਿਸਾਨ ਦੇ ਖੇਤ ਵਿੱਚ 2 ਖੰਭੇ ਲੱਗਣੇ ਸਨ, ਜਿਸ ਦਾ ਉਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਸੰਭਾਵਿਤ ਤਲਖ਼ ਮਾਹੌਲ ਕਰਕੇ ਉੱਥੇ ਐਸਐਚਓ ਜੈਤੋ ਨੂੰ ਵੀ ਬੇਨਤੀ ਕਰ ਕੇ ਬੁਲਾਇਆ ਗਿਆ।
ਫਿਰ ਵੀ ਇਸ ਦੌਰਾਨ 5 ਜਾਣੇ-ਪਛਾਣੇ ਅਤੇ ਕਰੀਬ 5 ਬੇਪਛਾਣ ਵਿਅਕਤੀਆਂ ਵੱਲੋਂ ਕੰਮ ਵਿੱਚ ਵਿਘਨ ਪਾਉਂਦਿਆਂ ਪਾਵਰਕੌਮ ਦੀ ਟੀਮ ਨਾਲ ਹੱਥੋਪਾਈ ਕਰਨ ਤੋਂ ਬਾਅਦ ਸੋਟੀਆਂ ਨਾਲ ਹਮਲਾ ਕੀਤਾ ਗਿਆ।
ਸ੍ਰੀ ਜੈਨ ਨੇ ਕਿਹਾ ਐਸਡੀਓ ਦੇ ਪਿੱਠ ਵਾਲੇ ਪਾਸਿਓਂ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਵਿੱਚ ਕਥਿਤ ਤੌਰ ’ਤੇ ਕਹੀ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਐਨ ਮੌਕੇ ’ਤੇ ਪਤਾ ਲੱਗਣ ’ਤੇ ਸੰਭਲ ਜਾਣ ਕਰਕੇ ਉਹ ਵਾਲ-ਵਾਲ ਬਚ ਗਏ। ਬਾਅਦ ਵਿਚ ਐਸਡੀਓ ਨੂੰ ਇਲਾਜ ਲਈ ਸਿਵਲ ਹਸਪਤਾਲ ਜੈਤੋ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਰੈਫ਼ਰ ਕਰ ਦਿੱਤਾ ਗਿਆ।
ਪੀਐਸਈਬੀਈਏ ਨਿੱਤਰੀ ਐਸਡੀਓ ਦੇ ਹੱਕ ’ਚ
ਪੀਐਸਈਬੀ ਇੰਜਨੀਅਰ ਐਸੋਸੀਏਸ਼ਨ ਖੇਤਰੀ ਸਕੱਤਰ ਭੁਪਿੰਦਰ ਸਿੰਘ ਨੇ ਮੰਗ ਕੀਤੀ ਕਿ ਪੰਜ ਪਛਾਣੇ ਗਏ ਅਤੇ ਪੰਜ ਅਣਪਛਾਤੇ ਹਮਲਾਵਰਾਂ ’ਤੇ ਪੁਲੀਸ ਸਖ਼ਤ ਕਾਰਵਾਈ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਲਿਖ਼ਤੀ ਸ਼ਿਕਾਇਤ ਕਰਨ ’ਤੇ ਵੀ ਸ਼ਾਮ ਦੇ ਸੱਤ ਵਜੇ ਤੱਕ ਪੁਲੀਸ ਵੱਲੋਂ ਪੀੜਤ ਦੇ ਬਿਆਨ ਨਹੀਂ ਲਏ ਗਏ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਭਲਕੇ 10 ਵਜੇ ਮੈਂਬਰਾਂ ਨੂੰ ਫ਼ਰੀਦਕੋਟ ਇਕੱਠੇ ਹੋਣ ਲਈ ਕਿਹਾ ਗਿਆ ਹੈ।
ਟੀਐਸਯੂ ਨੇ ਕੀਤੀ ਕਾਰਵਾਈ ਦੀ ਮੰਗ
ਟੈਕਨੀਕਲ ਸਰਵਿਸਜ਼ ਯੂਨੀਅਨ ਉਪ ਮੰਡਲ ਜੈਤੋ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਮੌੜ ਨੇ ਵੀ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।