ਬਰਨਾਲਾ: ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ 6 ਵਾਰਸਾਂ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਆਗੂਆਂ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਸਿਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਨਿਯੁਕਤੀ ਪੱਤਰ ਸੌਂਪੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਤਾਂ ਭਾਵੇਂ ਕਦੇ ਨਹੀਂ ਕੀਤੀ ਜਾ ਸਕਦੀ ਪਰ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਮੋਰਚਾ ਆਪਣੀ ਵਾਹ ਲਾਉਂਦਾ ਰਹੇਗਾ। ਅੱਜ ਪਵਨਦੀਪ ਕੌਰ ਸਹਿਜੜਾ, ਅਮਰਜੀਤ ਸਿੰਘ ਸੰਘੇੜਾ, ਨਵਤੇਜ ਸਿੰਘ ਸੰਘੇੜਾ, ਸਰਬਜੀਤ ਕੌਰ ਧੌਲਾ, ਜਸ਼ਨਪ੍ਰੀਤ ਸਿੰਘ ਢਿੱਲਵਾਂ ਅਤੇ ਗੁਰਮੀਤ ਸਿੰਘ ਤਾਜੋਕੇ ਨੂੰ ਨਿਯੁਕਤੀ ਪੱਤਰ ਮਿਲੇ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁੱਖਪੁਰ ਨੇ ਦੱਸਿਆ ਕਿ ਡੀਈਓ ਤੂਰ ਨੇ ਨਿੱਜੀ ਦਿਲਚਸਪੀ ਲੈ ਕੇ ਇਨ੍ਹਾਂ ਗੁੰਮ ਹੋ ਚੁੱਕੇ ਆਰਡਰਾਂ ਦੀਆਂ ਡੁਪਲੀਕੇਟ ਕਾਪੀਆਂ ਚੰਡੀਗੜ੍ਹ ਦਫਤਰੋਂ ਕਢਵਾਈਆਂ। -ਖੇਤਰੀ ਪ੍ਰਤੀਨਿਧ