ਸ਼ੰਗਾਰਾ ਸਿੰਘ ਅਕਲੀਆ
ਜੋਗਾ, 7 ਅਕਤੂਬਰ
ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਜੋਗਾ ਦਾ ਪਾਣੀ ਸਰਕਾਰੀ ਸੈਕੰਡਰੀ ਸਕੂਲ ਲੜਕੇ ਜੋਗਾ ਨਜ਼ਦੀਕ ਦੁਕਾਨਾਂ ਅਤੇ ਘਰ ਮਕਾਨਾਂ ਵਿੱਚ ਜਮ੍ਹਾਂ ਹੋਣ ਨਾਲ ਕਰਕੇ ਲੋਕਾਂ ਨੂੰ ਜੋਗਾ ਸ਼ਹਿਰ ਵਿਚਲੀ ਮੁੱਖ ਸੜਕ ਰਾਹੀਂ ਲੰਘਣਾ ਮੁਸ਼ਕਲ ਹੋ ਗਿਆ ਹੈ।
ਮਾਸਟਰ ਸੁਖਦੇਵ ਸਿੰਘ ਜੋਗਾ ਅਤੇ ਜਥੇਦਾਰ ਗੁਰਜੀਤ ਸਿੰਘ ਧੂਰਕੋਟੀਆ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਨੇੜਲੇ ਘਰਾਂ ਦੇ ਵਸਨੀਕਾਂ ਨੇ ਵੀ ਗੰਦੇ ਪਾਣੀ ਦੇ ਪੁਖਤਾ ਨਿਕਾਸੀ ਪ੍ਰਬੰਧ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਨਗਰ ਪੰਚਾਇਤ ਜੋਗਾ ਦੇ ਈ.ਓ ਰਵੀ ਕੁਮਾਰ ਜਿੰਦਲ ਨੇ ਕਿਹਾ ਕਿ ਸ਼ਹਿਰ ਦੇ ਹੀ ਕੁਝ ਲੋਕਾਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸ਼ਹਿਰ ਗੰਦੇ ਪਾਣੀ ਦੇ ਨਿਕਾਸੀ ਸਬੰਧੀ ਰਿੱਟ ਪਟੀਸ਼ਨ ਦਾਇਰ ਕੀਤੀ ਹੋਈ ਹੈ। ਜਦੋਂ ਵੀ ਕੋਈ ਫ਼ੈਸਲਾ ਹੋ ਗਿਆ ਤਾਂ ਸ਼ਹਿਰ ਦੇ ਗੰਦੇ ਪਾਣੀ ਨਿਕਾਸੀ ਦਾ ਹੱਲ ਕਰ ਦਿੱਤਾ ਜਾਵੇਗਾ।