ਜਸਵੰਤ ਜੱਸ
ਫ਼ਰੀਦਕੋਟ, 5 ਅਕਤੂਬਰ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਮਰੀਜ਼ਾਂ ਨੂੰ ਭਾਵੇਂ ਸਹੂਲਤਾਂ ਤਾਂ ਨਹੀਂ ਦਿੱਤੀਆਂ ਪਰ ਮਰੀਜ਼ਾਂ ਲਈ ਖ਼ਰਚੇ ਵਧਾ ਦਿੱਤੇ ਹਨ। ਪਾਰਕਿੰਗ ਫੀਸ 10 ਤੋਂ 20 ਰੁਪਏ ਕਰ ਦਿੱਤੀ ਹੈ। ਰਜਿਸਟ੍ਰੇਸ਼ਨ ਫੀਸ 2 ਰੁਪਏ ਵਧਾ ਕੇ 10 ਰੁਪਏ ਕਰ ਦਿੱਤੀ ਹੈ। ਮੈਡੀਕਲ ਕਾਲਜ ਤੇ ਹਸਪਤਾਲ ’ਚ ਹੁੰਦੀ ਜ਼ਰੂਰੀ ਟੈਸਟਾਂ ਦੀ ਫੀਸ ਵਿੱਚ 40 ਗੁਣਾ ਵਾਧਾ ਕੀਤਾ ਗਿਆ ਹੈ। ਮਾਲਵੇ ਦੇ ਦਸ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਫ਼ਰੀਦਕੋਟ ਵਿੱਚ ਸਥਾਪਤ ਕੀਤੇ ਗਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸਹੂਲਤਾਂ ਅਤੇ ਪ੍ਰਬੰਧਾਂ ਦੀ ਘਾਟ ਕਾਰਨ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਦੀ ਦੂਜੀ ਅਤੇ ਤੀਜੀ ਮੰਜ਼ਿਲ ਉੱਪਰ ਮਰੀਜ਼ਾਂ ਲਈ ਲਾਏ ਵਾਟਰ ਕੂਲਰ ਲੰਬੇ ਸਮੇਂ ਤੋਂ ਬੰਦ ਹਨ। ਹਸਪਤਾਲ ਦੇ ਵਾਰਡਾਂ ਵਿੱਚ ਮਰੀਜ਼ਾਂ ਲਈ ਰੱਖੇ ਗਏ ਬੈੱਡ ਚੌਦਾਂ ਸਾਲ ਤੋਂ ਨਹੀਂ ਬਦਲੇ ਗਏ। ਸਰਕਾਰੀ ਹਸਪਤਾਲ ਵਿੱਚ ਉੱਤਮ ਮਸ਼ੀਨਰੀ ਅਤੇ ਅਪ੍ਰੇਸ਼ਨ ਥੀਏਟਰ ਹੋਣ ਦੇ ਬਾਵਜੂਦ ਸ਼ਹਿਰ ਦੇ ਮਮੂਲੀ ਨਿੱਜੀ ਹਸਪਤਾਲਾਂ ਦੀ ਚਾਂਦੀ ਹੈ।
ਪੰਜਾਬ ਸਰਕਾਰ ਨੇ ਮੈਡੀਕਲ ਕਾਲਜ ਤੇ ਹਸਪਤਾਲ ’ਚ ਸੁਧਾਰਾਂ ਲਈ ਛੇ ਮਹੀਨੇ ਪਹਿਲਾਂ 15 ਮੈਂਬਰੀ ਕਮੇਟੀ ਬਣਾਈ ਸੀ। ਕਮੇਟੀ ਦੇ ਮੈਂਬਰ ਕੁਲਤਾਰ ਸਿੰਘ ਸੰਧਵਾਂ ਅਤੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੁਧਾਰ ਕਮੇਟੀ ਦੀ ਕੋਈ ਸਿਫ਼ਾਰਸ਼ ਨਹੀਂ ਮੰਨੀ ਅਤੇ ਹਸਪਤਾਲ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਹਨ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚੋਂ 260 ਕਰੋਨਾ ਯੋਧੇ ਕੱਢ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਲਵੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਨਾਂ ’ਤੇ ਜ਼ਲੀਲ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਮੈਡੀਕਲ ਪ੍ਰਸ਼ਾਸਨ ਯਤਨਸ਼ੀਲ ਹੈ।