ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 20 ਜੂਨ
ਕੁੱਝ ਲੋਕਾਂ ਵੱਲੋਂ ਪਿੰਡ ਨੰਗਲ ਦੇ ਦੋ ਗੁਰਸਿੱਖ ਬੱਚਿਆਂ ਨੂੰ ਕੁੱਟਮਾਰ ਕਰਨ ਦੀ ਘਟਨਾ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਸੇਵਾਦਾਰਾਂ ਨੇ ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਤੋਂ ਨਾਬਾਲਗ ਬੱਚਿਆਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਥਾਣਾ ਨਿਹਾਲ ਸਿੰਘ ਵਾਲਾ ਵਿੱਚ ਪੁਲੀਸ ਅਧਿਕਾਰੀਆਂ ਨੂੰ ਮਿਲਣ ਪਿੱਛੋਂ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਨੰਗਲ ਦੇ ਗੁਰਦੁਆਰਾ ਦੇ ਬਾਹਰ ਬੈਠਦੇ ਵਿਅਕਤੀਆਂ ਨੇ ਨਿੱਤ ਗੁਰੂ ਘਰ ਆਉਂਦੇ ਗੁਰਸਿੱਖ ਬੱਚਿਆਂ ਅਮ੍ਰਿਤਪਾਲ ਸਿੰਘ ਤੇ ਮਨਜੋਤ ਸਿੰਘ ਨੂੰ ਆਪੇ ਪ੍ਰਸ਼ਾਦ ਲੈਣ ਕਾਰਨ ਝਾੜੂਆਂ ਨਾਲ ਕੁੱਟਿਆ ਅਤੇ ਕੇਸਾਂ ਦਸਤਾਰਾਂ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰ ਦੀ ਵੀਡੀਓ ਵੀ ਵਾਇਰਲ ਹੋਈ ਹੈ ਪਰ ਸਿਆਸੀ ਰਸੂਖ ਕਾਰਨ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਸਤਿਕਾਰ ਕਮੇਟੀ ਦੇ ਆਗੂਆਂ ਨੇ ਸਰਕਾਰ ਤੇ ਪੁਲੀਸ ਤੋਂ ਗੁਰਸਿੱਖ ਬੱਚਿਆਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਤੇ ਮਾਮਲਾ ਹੱਲ ਨਾ ਹੋਣ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਿਦੱਤੀ।