ਨਿਹਾਲ ਸਿੰਘ ਵਾਲਾ: ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵੱਲੋਂ ਸ਼ਾਈਨਿੰਗ ਸਟਾਰ ਕਾਨਵੈਂਟ ਸਕੂਲ ਜਵਾਹਰ ਸਿੰਘ ਵਾਲਾ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ਪ੍ਰਸਿੱਧ ਕਹਾਣੀਕਾਰ ਅਜੀਤ ਸਿੰਘ ਪੱਤੋ ਯਾਦਗਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਅਤੇ ਕਵੀ ਸਾਧੂ ਸਿੰਘ ਬਰਾੜ ਡੀਪੀ ਦੀ ਪੁਸਤਕ ‘ਮੈਂ ਤੇ ਉਹ ’ ’ਤੇ ਗੋਸ਼ਟੀ ਕੀਤੀ ਗਈ। ਸੀਰਾ ਗਰੇਵਾਲ ਰੌਂਤਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਆਲੋਚਕ ਸੁਰਜੀਤ ਬਰਾੜ ਨੇ ਕਵੀ ਸਾਧੂ ਸਿੰਘ ਬਰਾੜ ਦੀ ਪੁਸਤਕ ’ਤੇ ਪੇਪਰ ਪੜ੍ਹਿਆ। ਜਸਵੀਰ ਕਲਸੀ ਨੇ ਕਹਾਣੀਕਾਰ ਗੁਰਮੀਤ ਕੜਿਆਲਵੀ ਦੇ ਕਹਾਣੀ ਜਗਤ ਬਾਰੇ ਜਾਣਕਾਰੀ ਦਿੱਤੀ। ਜੈਹੋ ਰੰਗ ਮੰਚ ਵੱਲੋਂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਨਾਟਕ ਸੁਲਘਦੀ ਧਰਤੀ ਦਾ ਮੰਚਨ ਕੀਤਾ ਗਿਆ। ਸਕੱਤਰ ਸੁਖਦੇਵ ਲੱਧੜ ਤੇ ਤਰਸੇਮ ਗੋਪੀਕਾ ਨੇ ਮੰਚ ਸੰਚਾਲਨ ਕੀਤਾ। ਗੁਰਮੀਤ ਕੜਿਆਲਵੀ ਨੇ ਕਿਹਾ ਕਿ ਅਜੀਤ ਪੱਤੋ ਸਨਮਾਨ ਪ੍ਰਾਪਤ ਕਰਕੇ ਉਸ ਨੂੰ ਖੁਸ਼ੀ ਹੋਈ ਹੈ। -ਪੱਤਰ ਪ੍ਰੇਰਕ