ਸ਼ੰਗਾਰਾ ਸਿੰਘ ਅਕਲੀਆ
ਜੋਗਾ, 25 ਅਪਰੈਲ
ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅਤੇ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਗਰ ਪੰਚਾਇਤ ਜੋਗਾ ਦੇ ਦਫ਼ਤਰ ’ਚ ਹੋਇਆ। ਇਸ ਮੌਕੇ ਕਨਵੀਨਰ ਐੱਸਡੀਐੱਮ ਸਰਬਜੀਤ ਕੌਰ, ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਰਵੀ ਕੁਮਾਰ ਜਿੰਦਲ ਕਾਰਜਸਾਧਕ ਅਫ਼ਸਰ ਜੋਗਾ ਦੀ ਹਾਜ਼ਰੀ ਵਿੱਚ ਕੌਂਸਲ ਦੇ ਚੁਣੇ 13 ਕੌਸਲਰਾਂ ਨੂੰ ਪਹਿਲਾਂ ਸਹੁੰ ਚੁਕਾਈ ਗਈ ਤੇ ਬਾਅਦ ’ਚ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਪ੍ਰਕਿਰਿਆ ਆਰੰਭੀ ਗਈ ਇਸ ’ਚ ਕਾਮਰੇਡ ਗੁਰਮੀਤ ਸਿੰਘ ਜੋਗਾ ਨੂੰ ਪ੍ਰਧਾਨ ਤੇ ਬੀਬਾ ਰਾਜਵੰਤ ਕੌਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਨੇ ਇਸ ਚੋਣ ਨੂੰ ਸ਼ਹਿਰ ਦੇ ਵਿਕਾਸ ਦੀ ਜਿੱਤ ਦੱਸਦਿਆ ਕਿਹਾ ਕਿ ਨਗਰ ਪੰਚਾਇਤ ਜੋਗਾ ਸ਼ਹਿਰ ਜੋਗਾ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਤੇ ਕੌਂਸਲਰਾਂ ਦਾ ਸਨਮਾਨ ਕੀਤਾ ਗਿਆ।ਇਸ ਸਮੇਂ ਸਾਬਕਾ ਪ੍ਰਧਾਨ ਕਾਮਰੇਡ ਮੇਘਾ ਸਿੰਘ ਜੋਗਾ ,ਕਾਮਰੇਡ ਭਜਨ ਸਿੰਘ, ਗੁਰਚਰਨ ਸਿੰਘ, ਜਗਦੇਵ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।