ਪੱਤਰ ਪ੍ਰੇਰਕ
ਬੋਹਾ, 8 ਮਾਰਚ
ਪਿੰਡ ਕਲੀਪੁਰ ਦੇ ਕਬੱਡੀ ਕੱਪ ਵਿੱਚ ਗੁੰਮਟਸਰ ਪੂਹਲਾ ਦੀ ਟੀਮ ਨੇ ਜਿੱਤ ਦਰਜ ਕੀਤੀ, ਜਦਕਿ ਰੱਲੀ ਦੀ ਟੀਮ ਉਪ ਜੇਤੂ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਬੱਲਮ ਸਿੰਘ ਕਲੀਪੁਰ, ਹਰਮੇਲ ਸਿੰਘ ਕਲੀਪੁਰ ਤੇ ਭੋਲਾ ਸਿੰਘ ਪ੍ਰਧਾਨ ਟੂਰਨਾਮੈਂਟ ਕਮੇਟੀ ਨੇ ਦੱਸਿਆ ਕਿ 85 ਕਿਲੋ ਭਾਰ ਵਰਗ ਦੀਆਂ ਟੀਮਾਂ ਦੇ ਫਾਈਨਲ ਮੁਕਾਬਲੇ ਵਿੱਚੋਂ ਗੁੰਮਟਸਰ ਪੂਹਲਾ ਨੇ 31000 ਰੁਪਏ ਦਾ ਪਹਿਲਾ ਅਤੇ ਰੱਲੀ ਦੀ ਟੀਮ ਨੇ ਦੂਜੇ ਨੰਬਰ ’ਤੇ ਰਹਿ ਕੇ 21 ਹਜ਼ਾਰ ਰੁਪਏ ਦਾ ਦੂਜਾ ਇਨਾਮ ਹਾਸਲ ਕੀਤਾ। 63 ਕਿਲੋ ਭਾਰ ਵਰਗ ਦੇ ਫਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਖੜਕ ਖੜੁੂਆ ਨੇ ਜਿੱਤਿਆ ਅਤੇ ਦੂਜਾ ਸਥਾਨ ਭੂੰਦੜ ਟੀਮ ਨੂੰ ਮਿਲਿਆ। ਇਨ੍ਹਾਂ ਮੈਚਾਂ ਤੋਂ ਇਲਾਵਾ ਠੀਕਰੀਵਾਲ ਅਤੇ ਬਰਨਾਲਾ ਦੀਆਂ ਲੜਕੀਆ ਦਾ ਸ਼ੋਅ ਮੈਚ ਵੀ ਦਿਲਚਸਪ ਰਿਹਾ।
ਟੂਰਨਾਮੈਂਟ ਕਮੇਟੀ ਦੇ ਸਮੂਹ ਆਗੂਆਂ ਨੇ ਕਬੱਡੀ ਕੱਪ ਕਰਵਾਉਣ ਵਿੱਚ ਸਹਿਯੋਗ ਦੇਣ ਲਈ ਸਮੂਹ ਨਗਰ ਨਿਵਾਸੀ ਪਿੰਡ ਕਲੀਪੁਰ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਕੱਪ ਵਿਚ ਕੁਮੈਂਟਰੀ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ ਦਾਤੇਵਾਸ, ਮੇਵਾ ਸਿੰਘ ਬਰਨਾਲਾ ਤੇ ਕਾਲਾ ਬੀਰੋਕੇ ਸਣੇ ਹੋਰਾਂ ਨੇ ਨਿਭਾਈ। ਇਸ ਕੱਬਡੀ ਕੱਪ ਦਾ ਲਾਈਵ ਚੈਨਲ ’ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਡਾਕਟਰ ਨਿਸ਼ਾਨ ਸਿੰਘ ਪ੍ਰੇਮ ਕੁਮਾਰ ਅਰੋੜਾ, ਸਿਕੰਦਰ ਸਿੰਘ ਜੈਲਦਾਰ, ਠੇਕੇਦਾਰ ਗੁਰਪਾਲ ਸਿੰਘ, ਸ਼ਾਮ ਲਾਲ ਧਲੇਵਾ ਤੇ ਚਰਨਜੀਤ ਸਿੰਘ ਝਲਬੂਟੀ ਆਦਿ ਹਾਜ਼ਰ ਸਨ।