ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 29 ਜੁਲਾਈ
ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਪ੍ਰਕੋਪ ਕਾਰਨ ਕਿਸਾਨਾਂ ਦੀ ਨਰਮੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਕਿਸਾਨ ਮਜਬੂਰੀਵੱਸ ਆਪਣੀ ਫ਼ਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ। ਇਸੇ ਕੜੀ ਵਜੋਂ ਅੱਜ ਪਿੰਡ ਭਲਾਈਆਣਾ ਦੇ ਕਿਸਾਨ ਬਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਨੇ ਕਰੀਬ ਢਾਈ ਏਕੜ ਰਕਬੇ ’ਚ ਬੀਜੀ ਆਪਣੀ ਨਰਮੇ ਦੀ ਫ਼ਸਲ ਵਾਹ ਦਿੱਤੀ। ਕਿਸਾਨ ਨੇ ਦੱਸਿਆ ਕਿ ਚਿੱਟੇ ਮੱਛਰ ਨੇ ਉਨ੍ਹਾਂ ਦੀ ਢਾਈ ਏਕੜ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਪ੍ਰਤੀ ਏਕੜ ਉਹ ਨਰਮੇ ’ਤੇ ਕਰੀਬ 10 ਤੋਂ 12 ਹਜ਼ਾਰ ਰੁਪਏ ਖ਼ਰਚ ਕਰ ਚੁੱਕਾ ਹੈ। ਉਸ ਦਾ ਕਹਿਣਾ ਸੀ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਮੰਦੀ ਨਾਲ ਜੂਝ ਰਹੇ ਹਨ ਤੇ ਉੱਪਰੋਂ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਨੇ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀਆਂ ਹਨ।
ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਬਣਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ’ਤੇ ਹੋਰ ਆਰਥਿਕ ਬੋਝ ਨਾ ਪਵੇ। ਇਸ ਤੋਂ ਇਲਾਵਾ ਪਿੰਡ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਗੁਰਤੇਜ ਸਿੰਘ ਅਤੇ ਹਰਬੰਸ ਸਿੰਘ ਪੁੱਤਰ ਸੰਤੋਖ ਸਿੰਘ ਵੱਲੋਂ ਵੀ ਉਨ੍ਹਾਂ ਦੀ ਢਾਈ-ਢਾਈ ਏਕੜ ਰਕਬੇ ’ਚ ਖੜ੍ਹੀ ਫ਼ਸਲ ਵਾਹੇ ਜਾਣ ਦੀ ਖ਼ਬਰ ਹੈ।
ਖੇਤੀ ਅਧਿਕਾਰੀਆਂ ਦੇ ਕਹਿਣ ’ਤੇ ਕਿਸਾਨਾਂ ਨੇ ਨਰਮਾ ਵਾਹੁਣ ਦਾ ਫ਼ੈਸਲਾ ਟਾਲਿਆ
ਫ਼ਰੀਦਕੋਟ (ਜਸਵੰਤ ਜੱਸ): ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗੁਲਾਬੀ ਸੁੰਡੀ ਤੋਂ ਘਬਰਾ ਕੇ ਨਰਮੇ ਦੀ ਫਸਲ ਨੂੰ ਨਾ ਵਾਹੁਣ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਪਿੰਡ ਮਿਸ਼ਰੀਵਾਲਾ ਅਤੇ ਪੱਕੇ ਵਿੱਚ ਜਾ ਕੇ ਨਰਮੇ ਦੇ ਕਾਸ਼ਤਕਾਰਾਂ ਨਾਲ ਗੱਲਬਾਤ ਕੀਤੀ। ਪਿੰਡ ਮਿਸ਼ਰੀਵਾਲਾ ਦੇ ਕਿਸਾਨ ਸੁਰਜੀਤ ਸਿੰਘ ਨੇ ਆਪਣਾ 20 ਕਿੱਲੇ ਨਰਮਾ ਵਾਹੁਣ ਦਾ ਫੈਸਲਾ ਲਿਆ ਸੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਨਰਮੇ ਦੀ ਫਸਲ ਦਾ ਮੁਆਇਨਾ ਕਰਨ ਤੋਂ ਬਾਅਦ ਕਿਹਾ ਕਿ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਹੈ, ਜਿਸ ’ਤੇ ਸਫੀਨਾ ਸਪਰੇਅ ਸ਼ਾਮ ਸਮੇਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚਾਰ ਸਪਰੇਆਂ ਨਾਲ ਚਿੱਟੀ ਮੱਖੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਕਿਸਾਨ ਕੁਲਵੰਤ ਸਿੰਘ, ਤੇਜਾ ਸਿੰਘ ਅਤੇ ਸੁਰਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਫੇਰੀ ਤੋਂ ਬਾਅਦ ਕਿਸਾਨਾਂ ਨੇ ਹਾਲ ਦੀ ਘੜੀ ਨਰਮੇ ਦੀ ਫਸਲ ਨਾ ਵਾਹੁਣ ਦਾ ਫੈਸਲਾ ਲਿਆ ਹੈ ਅਤੇ ਅਗਲੇ ਪੰਜ ਦਿਨਾਂ ਤੱਕ ਮੱਖੀ ਖਤਮ ਹੋਣ ਦਾ ਇੰਤਜ਼ਾਰ ਕੀਤਾ ਜਾਵੇਗਾ।