ਨਿੱਜੀ ਪੱਤਰ ਪ੍ਰੇਰਕ
ਮਲੋਟ, 13 ਅਕਤੂਬਰ
ਨੇੜਲੇ ਪਿੰਡ ਕਿੰਗਰਾ ਵਿਖੇ ਕਿਸਾਨਾਂ ਦੀਆਂ ਆਸਾਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਧਰੀਆਂ-ਧਰਾਈਆਂ ਰਹਿ ਗਈਆਂ। ਇਸ ਪਿੰਡ ’ਚ ਵੱਖ-ਵੱਖ ਕਿਸਾਨਾਂ ਵੱਲੋਂ ਬੀਜਿਆ ਕਰੀਬ ਸੌ ਏਕੜ ਨਰਮਾ ਸਿਰੇ ਨਹੀਂ ਚੜ੍ਹ ਸਕਿਆ, ਜਿਸ ਵਿੱਚੋਂ ਕਿਸਾਨਾਂ ਨੇ ਗੁਲਾਬੀ ਸੁੰਡੀ ਦੇ ਖਦਸ਼ੇ ਕਾਰਨ ਕੁਝ ਨਰਮਾ ਤਾਂ ਪਹਿਲਾਂ ਹੀ ਵਾਹ ਦਿੱਤਾ ਸੀ ਅਤੇ ਬਾਕੀ ਬਚੇ ਕਰੀਬ 30-35 ਏਕੜ ਨੂੰ ਵੀ ਗੁਲਾਬੀ ਸੁੰਡੀ ਨੇ ਚੱਟ ਲਿਆ, ਜਿਸ ਦਾ ਝਾੜ ਔਸਤਨ 30 ਤੋਂ 35 ਕਿਲੋ ਪ੍ਰਤੀ ਏਕੜ ਦੱਸਿਆ ਜਾ ਰਿਹਾ ਹੈ, ਜਦਕਿ ਇਸ ਪਿੰਡ ’ਚ ਜ਼ਮੀਨ ਦੇ ਠੇਕੇ ਦਾ ਰੇਟ 55 ਤੋਂ 60 ਹਜ਼ਾਰ ਹੈ। ਇੱਕ ਖੇਤ ’ਚ ਇਕੱਤਰ ਹੋਏ ਕਿਸਾਨਾਂ ਬਲਰੀਤ ਸਿੰਘ , ਰਛਪਾਲ, ਜਗਸੀਰ ਸਿੰਘ ਅਤੇ ਹਰੀਫ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕ੍ਰਮਵਾਰ 8, 10 ਅਤੇ 5 ਏਕੜ ਨਰਮਾ ਸੀ, ਜਿਸ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਤਾਂ ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਜਾਣੂ ਕਰਵਾਇਆ, ਉਨ੍ਹਾਂ ਨਰਮਾ ਵਾਹੁਣ ਦੀ ਬਜਾਇ ਸਪਰੇਅ ਕਰਨ ਦੀ ਸਲਾਹ ਦਿੱਤੀ , ਜਿਸ ਕਰਕੇ ਉਨ੍ਹਾਂ ਹਜ਼ਾਰਾਂ ਰੁਪਏ ਦੀਆਂ ਸਪਰੇਆਂ ਕਰ ਦਿੱਤੀਆਂ ਪਰ ਜਦ ਨਰਮਾ ਅੱਜ ਤੱਕ ਖੁੱਲ੍ਹ ਕੇ ਨਾ ਖਿੜਿਆ ਤਾਂ ਉਸ ਦੇ ਟੀਂਡੇ ਤੋੜ ਕੇ ਜਾਂਚ ਕੀਤੀ ਤਾਂ ਸਾਰੇ ਦੇ ਸਾਰੇ ਟਿੰਡੇ ਗੁਲਾਬੀ ਸੁੰਡੀ ਕਰਕੇ ਕਾਣੇ ਹੋ ਚੁੱਕੇ ਸਨ, ਉਨ੍ਹਾਂ ਦੋਸ਼ ਲਾਇਆ ਕਿ ਅੱਜ ਖੇਤੀਬਾੜੀ ਵਿਭਾਗ ਦੀ ਮਿਲੀਭੁਗਤ ਨਾਲ ਅਜਿਹੀਆਂ ਸਪਰੇਆਂ ਬਾਜ਼ਾਰ ਵਿੱਚ ਵਿਕ ਰਹੀਆਂ ਹਨ, ਜਿਹੜੀਆਂ ਗੁਲਾਬੀ ਸੁੰਡੀ ਤਾਂ ਦੂਰ ਸਧਾਰਨ ਮੱਛਰ ਵੀ ਨਹੀਂ ਮਾਰ ਸਕੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੇ 60 ਹਜ਼ਾਰ ਪ੍ਰਤੀ ਏਕੜ ਵਾਹਣ ਠੇਕੇ ’ਤੇ ਲਿਆ ਸੀ, ਬੀਜਾਂ ਸਪਰੇਆਂ , ਗੁਡਾਈ ਤੋਂ ਇਲਾਵਾ ਹੋਰ ਸਾਂਭ ਸੰਭਾਲ ’ਤੇ ਹਜ਼ਾਰਾਂ ਰੁਪਏ ਖਰਚ ਕੇ ਉਨ੍ਹਾਂ ਦਾ ਠੇਕਾ ਵੀ ਨਹੀਂ ਮੁੜਿਆ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਖੇਤੀਬਾੜੀ ਅਧਿਕਾਰੀਆਂ ਨੂੰ ਸੁੰਡੀ ਦੇ ਸੰਭਾਵੀ ਖਤਰੇ ਤੋਂ ਜਾਣੂ ਕਰਾਉਂਦੇ ਰਹੇ ਪਰ ਖੇਤੀਬਾੜੀ ਅਧਿਕਾਰੀ ਗਰਾਊਂਡ ਪੱਧਰ ’ਤੇ ਜਾਂਚ ਪੜਤਾਲ ਕਰਨ ਦੀ ਬਜਾਇ ਫੋਨਾਂ ’ਤੇ ਹੀ ਖਾਨਾਪੂਰਤੀ ਕਰਦੇ ਰਹੇ, ਜਿਸ ਕਰਕੇ ਅੱਜ ਕਿਸਾਨਾਂ ਦੇ ਹਾਲਾਤ ਖੁਦਕੁਸ਼ੀ ਕਰਨ ਵਾਲੇ ਬਣ ਚੁੱਕੇ ਹਨ। ਖੇਤੀਬਾੜੀ ਅਧਿਕਾਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਜਿਥੋਂ ਤੱਕ ਨਕਲੀ ਦਵਾਈਆਂ ਦਾ ਸਵਾਲ ਹੈ ਉਹ ਸਮੇਂ-ਸਮੇਂ ’ਤੇ ਸਪਰੇਆਂ ਆਦਿ ਦੇ ਸੈਂਪਲ ਭਰਵਾਉਂਦੇ ਰਹਿੰਦੇ ਹਨ ਅਤੇ ਗਰਾਊਂਡ ’ਤੇ ਨਾ ਜਾਣ ਦੇ ਦੋਸ਼ ਬੇਬੁਨਿਆਦ ਹਨ।