ਪੱਤਰ ਪ੍ਰੇਰਕ
ਮਾਨਸਾ, 22 ਮਾਰਚ
ਪੰਜਾਬ ਭਰ ਵਿੱਚ ਸਰਕਾਰੀ ਕਾਲਜਾਂ ’ਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਪਿਛਲੇ ਤਿੰਨ ਮਹੀਨਿਆਂ ਤੋਂ ਨਿਗੂਣੀ ਤਨਖ਼ਾਹ ਵੀ ਨਾ ਮਿਲਣ ਕਾਰਨ ਫਾਕੇ ਕੱਟਣ ਲਈ ਮਜਬੂਰ ਹਨ। ਇਹ ਅਧਿਆਪਕ ਆਪਣੇ ਪੱਕੇ ਹੋਣ ਲਈ ਪਿਛਲੀਆਂ ਸਰਕਾਰਾਂ ਵੇਲੇ ਵੀ ਸੰਘਰਸ਼ ਦੇ ਮੈਦਾਨ ਵਿੱਚ ਉੱਤਰੇ ਰਹੇ ਅਤੇ ਹੁਣ ਜਦੋਂ ਬਦਲਾਅ ਤਹਿਤ ਰਾਜ ਵਿੱਚ ਬਣੀ ‘ਆਪ’ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਰਾਵਿੰਦਰ ਸਿੰਘ (ਨਹਿਰੂ ਕਾਲਜ ਮਾਨਸਾ) ਨੇ ਦੱਸਿਆ ਕਿ ਬਹੁਤੇ ਕਾਲਜਾਂ ਵਿਚ ਪੀਟੀਏ ਫੰਡ ਖ਼ਤਮ ਹੋ ਚੁੱਕਾ ਹੈ ਅਤੇ ਸਰਕਾਰ ਵੱਲੋਂ ਭੇਜੀ ਜਾਂਦੀ ਰਕਮ ਵੀ ਤਿੰਨ ਮਹੀਨਿਆਂ ਤੋਂ ਜਾਰੀ ਨਹੀਂ ਹੋਈ ਜਿਸ ਕਰ ਕੇ ਕਈ ਮਹੀਨਿਆਂ ਤੋਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਨਖ਼ਾਹ ਨਾ ਮਿਲਣ ਕਰ ਕੇ ਫਾਕੇ ਕੱਟਣ ਲਈ ਮਜਬੂਰ ਹਨ।