ਪਵਨ ਗੋਇਲ
ਭੁੱਚੋ ਮੰਡੀ, 13 ਅਗਸਤ
ਪਿੰਡ ਲਹਿਰਾ ਮੁਹੱਬਤ ਕੋਲ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੇ ਖੱਬੇ ਮੋਢੇ ਵਿੱਚੋਂ ਦੀ ਲੋਹੇ ਗਰਿੱਲ ਆਰਪਾਰ ਲੰਘ ਗਈ। ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਥਰਮਲ ਦੀ ਇੱਕ ਕੰਪਨੀ ਵੱਲੋਂ ਆਦੇਸ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਵੱਖ ਵੱਖ ਵਿਭਾਗਾਂ ਦੇ ਮਾਹਰ ਡਾਕਟਰਾਂ ਦੀ ਟੀਮ ਲੰਮੇ ਅਪਰੇਸ਼ਨ ਤੋਂ ਬਾਅਦ ਉਸ ਦੇ ਮੋਢੇ ਵਿੱਚੋਂ ਗਰਿੱਲ ਕੱਢਣ ਵਿੱਚ ਸਫ਼ਲ ਰਹੀ। ਉਸ ਦਾ ਦਿਲ ਅਤੇ ਫੇਫੜੇ ਸਹੀ ਸਲਾਮਤ ਰਹੇ।
ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਬੋਹਰ ਆਪਣੇ ਨਵੇਂ ਛੋਟੇ ਹਾਥੀ ’ਤੇ ਬਠਿੰਡਾ ਤੋਂ ਬਰਨਾਲ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਦਾ ਵਹੀਕਲ ਡਿਵਾਈਡਰ ਨਾਲ ਟਕਰਾ ਗਿਆ ਅਤੇ ਗਰਿੱਲ ਟੁੱਟ ਕੇ ਉਸ ਦੇ ਮੋਢੇ ਵਿੱਚੋਂ ਲੰਘ ਗਈ। ਚੌਂਕੀ ਇੰਚਾਰਜ਼ ਜਗਰੂਪ ਸਿੰਘ ਨੇ ਕਿਹਾ ਕਿ ਜ਼ਖ਼ਮੀ ਵਿਅਕਤੀ ਦੇ ਹਾਲੇ ਤੱਕ ਬਿਆਨ ਨਹੀਂ ਹੋ ਸਕੇ।