ਪੱਤਰ ਪ੍ਰੇਰਕ
ਤਪਾ ਮੰਡੀ, 16 ਅਕਤੂਬਰ
ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਸੁਪਰੀਮ ਕੋਰਟ ਤਰਫੋਂ ਪਟਾਕਿਆਂ ਦੀ ਖ਼ਰੀਦ, ਵਿਕਰੀ ਅਤੇ ਚਲਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਹਦਾਇਤਾਂ ਮੁਤਾਬਿਕ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਸਿਰਫ ਗਰੀਨ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਹੈ। ਗਰੀਨ ਪਟਾਕਿਆਂ ਦੇ ਨਾਮ ’ਤੇ ਪਾਬੰਦੀਸ਼ੁਦਾ ਪਟਾਕੇ ਚਲਾਉਣ ਵਾਲੇ ਵਿਕਰੇਤਾਵਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖ਼ਰੀਦਦਾਰਾਂ ਨੂੰ ਸਿਰਫ ਵਾਤਾਵਰਨ ਪੱਖੀ ਗਰੀਨ ਪਟਾਕੇ ਖ਼ਰੀਦਣ ਲਈ ਆਖਿਆ ਹੈ। ਡੀਸੀ ਦੇ ਹੁਕਮ ਅਨੁਸਾਰ ਆਰਜ਼ੀ ਲਾਇਸੈਂਸ ਧਾਰਕ ਨਿਰਧਾਰਿਤ ਥਾਂ ’ਤੇ ਹੀ ਪਟਾਕੇ ਵੇਚ ਸਕਣਗੇ। ਪਟਾਕੇ ਸਾਇਲੈਂਸ ਜ਼ੋਨ ਵਿਚ ਨਾ ਚਲਾਏ ਜਾਣ। ਸਾਇਲੈਂਸ ਜ਼ੋਨ ਜਿਵੇਂ ਕਿ ਹਸਪਤਾਲ ਤੇ ਹੋਰ ਸਿਹਤ ਸੰਸਥਾਵਾਂ, ਵਿਦਿਅਕ ਅਦਾਰਿਆਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਤੇ ਹੋਰ ਇਕੱਠਾਂ ਦੇ ਨੇੜੇ ਪਟਾਕੇ ਨਾ ਚਲਾਏ ਜਾਣ। ਉਨ੍ਹਾਂ ਕਿਹਾ ਕਿ ਲੜੀਆਂ ਵਾਲੇ ਪਟਾਕੇ ਵੇਚਣ ਅਤੇ ਖ਼ਰੀਦਣ ਦੀ ਸਖ਼ਤ ਮਨਾਹੀ ਹੈ। ਇਹ ਪਟਾਕੇ ਵਧੇਰੇ ਆਵਾਜ਼ ਅਤੇ ਹਵਾ ਪ੍ਰਦੂਸ਼ਣ ਪੈਦਾ ਕਰਦੇ ਹਨ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ। ਉਨ੍ਹਾਂ ਕਿਹਾ ਕਿ ਕੈਮੀਕਲਾਂ ਵਾਲੇ ਪਟਾਕਿਆਂ ’ਤੇ ਪਾਬੰਦੀ ਹੈ। ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਵਾਲੇ ਦਿਨ ਰਾਤ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਅਤੇ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਰਾਤ 11:55 ਤੋਂ ਲੈ ਕੇ ਰਾਤ 12:30 ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।