ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 27 ਸਤੰਬਰ
ਕਸਬਾ ਤਲਵੰਡੀ ਭਾਈ ਵਿੱਚ ਇੱਕ ਨੌਜਵਾਨ ਨੇ ਤਰੰਗਲੀ ਮਾਰ ਕੇ ਆਪਣੇ ਸੱਤਰ ਵਰ੍ਹਿਆਂ ਦੇ ਦਾਦੇ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਐਤਵਾਰ ਰਾਤ ਨੌਂ ਵਜੇ ਦੇ ਕਰੀਬ ਧਰਮਪ੍ਰੀਤ ਸਿੰਘ (20) ਸ਼ਰਾਬ ਦੇ ਨਸ਼ੇ ਵਿੱਚ ਆਪਣੇ ਘਰ ਝਗੜਾ ਕਰ ਰਿਹਾ ਸੀ। ਝਗੜੇ ਦੀ ਆਵਾਜ਼ ਸੁਣ ਕੇ ਗੁਆਂਢ ਵਿੱਚ ਰਹਿੰਦਾ ਉਸਦਾ ਦਾਦਾ ਸੁਖਦੇਵ ਸਿੰਘ (70) ਉਸ ਨੂੰ ਸਮਝਾਉਣ ਵਾਸਤੇ ਉਸਦੇ ਘਰ ਚਲਾ ਗਿਆ। ਧਰਮਪ੍ਰੀਤ ਨੇ ਤਰੰਗਲੀ ਨਾਲ ਆਪਣੇ ਦਾਦੇ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਫ਼ਰੀਦਕੋਟ ਸਥਿਤ ਸਰਕਾਰੀ ਮੈਡੀਕਲ ਕਾਲਜ ਭਰਤੀ ਕਰਵਾਇਆ ਜਿੱਥੇ ਲੰਘੇ ਕੱਲ੍ਹ ਸੁਖਦੇਵ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਸੁਖਦੇਵ ਸਿੰਘ ਦੇ ਪੁੱਤਰ ਤੀਰਥ ਸਿੰਘ ਦੀ ਸ਼ਿਕਾਇਤ ’ਤੇ ਧਰਮਪ੍ਰੀਤ ਸਿੰਘ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਹੈ, ਪਰ ਕਥਿਤ ਦੋਸ਼ੀ ਅਜੇ ਫ਼ਰਾਰ ਹੈ।