ਪੱਤਰ ਪ੍ਰੇਰਕ
ਭੁੱਚੋ ਮੰਡੀ, 18 ਜੂਨ
ਇਤਿਹਾਸਕ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਿੱਚ ਪੰਚਾਇਤ ਵੱਲੋਂ ਗ੍ਰਾਮ ਸਭਾ ਇਜਲਾਸ ਕਰਵਾਇਆ ਗਿਆ। ਇਸ ਵਿੱਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ, ਬੀਡੀਪੀਓ ਰਾਜਾ ਸਿੰਘ, ਪੰਚਾਇਤ ਸਕੱਤਰ ਜਤਿੰਦਰ ਸਿੰਘ, ਨਰੇਗਾ ਸਕੱਤਰ ਭੁਪਿੰਦਰ ਸਿੰਘ ਅਤੇ ਪਿੰਡ ਵਾਸੀ ਸ਼ਾਮਲ ਹੋਏ।
ਇਸ ਮੌਕੇ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਆਏ ਫੰਡਾਂ ਦਾ ਲੇਖਾ ਜ਼ੋਖਾ ਕੀਤਾ ਗਿਆ ਅਤੇ ਪਿੰਡ ਦੀ ਬਿਹਤਰੀ ਲਈ ਪਿੰਡ ਵਾਸੀਆਂ ਵੱਲੋਂ ਰੱਖੀਆਂ ਗਈਆਂ ਮੰਗਾਂ ਸਬੰਧੀ ਮਤੇ ਪਾਏ ਗਏ। ਸਰਪੰਚ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਾਏ ਗਏ ਮਤਿਆਂ ਵਿੱਚ ਸਰਕਾਰੀ ਸਕੂਲ ਵਿੱਚ ਨਾਨ ਮੈਡੀਕਲ ਦੀਆਂ ਜਮਾਤਾਂ ਸ਼ੁਰੂ ਕਰਨ, ਸਰਕਾਰੀ ਹਸਪਤਾਲ ਦੀ ਇਮਾਰਤ ਨਵੀਂ ਬਣਾਉਣ, ਪਿੰਡ ਦੇ ਪਾਣੀ ਦੀ ਨਿਕਾਸੀ ਪੰਚਾਇਤੀ ਜ਼ਮੀਨ ਵਿੱਚ ਕਰਨ, ਇੰਟਰਲੌਕਿੰਗ ਟਾਈਲਾਂ ਲਗਾ ਕੇ ਗਲੀਆਂ ਅਤੇ ਸੜਕਾਂ ਦਾ ਸੁੰਦਰੀਕਰਨ ਕਰਨ, ਬਾਬਾ ਫ਼ਤਹਿ ਸਿੰਘ ਪਾਰਕ ਅਤੇ ਜਲ ਘਰ ਵਿੱਚ ਮੁਲਾਜ਼ਮ ਰੱਖੇ ਜਾਣ, ਜਲ ਘਰ ਦੀ ਚਾਰ ਦਿਵਾਰੀ ਉੱਚੀ ਕਰਨ, ਮੋੜਾਂ ’ਤੇ ਸ਼ੀਸ਼ੇ ਲਗਾਉਣ, ਸੜਕਾਂ ਤੋਂ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਕੱਚੀਆਂ ਗਲੀਆਂ ਵਿੱਚ ਇੰਟਰਲੌਕਿੰਗ ਟਾਈਲਾਂ ਲਗਾਉਣ ਦੇ ਮਤੇ ਸ਼ਾਮਲ ਹਨ।
ਗ੍ਰਾਮ ਪੰਚਾਇਤ ਰਾਏ ਖਾਨਾ ਦੇ ਇਜਲਾਸ ਵਿੱਚ ਲਏ ਜਾਣਗੇ ਅਹਿਮ ਫ਼ੈਸਲੇ
ਮੌੜ ਮੰਡੀ (ਪੱਤਰ ਪ੍ਰੇਰਕ): ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਤਰਫ਼ੋਂ 15 ਜੂਨ ਤੋਂ ਸ਼ੁਰੂ ਕੀਤੇ ਗਏ ਗ੍ਰਾਮ ਸਭਾਵਾਂ ਦੀਆਂ ਮੀਟਿੰਗਾਂ ਦੀ ਲੜੀ ਤਹਿਤ ਕੌਮੀ ਪੁਰਸ਼ਕਾਰ ਪ੍ਰਾਪਤ ਗ੍ਰਾਮ ਪੰਚਾਇਤ ਰਾਏ ਖਾਨਾ ਵੱਲੋਂ ਪਿੰਡ ਦੇ ਸਹਿਕਾਰੀ ਸੁਸਾਇਟੀ ਦੇ ਹਾਲ ਵਿੱਚ 24 ਜੂਨ ਨੂੰ ਆਮ ਇਜਲਾਸ ਦੌਰਾਨ ਅਹਿਮ ਫੈਸਲੇ ਲਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮਲਕੀਤ ਖਾਨ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਤੋਂ ਹੀ ਹਕੀਕੀ ਰੂਪ ਵਿਚ ਆਮ ਇਜਲਾਸ ਕਰਵਾਏ ਜਾਂਦੇ ਹਨ। ਹਾੜੀ ਰੁੱਤ ਦੇ ਆਮ ਇਜਲਾਸ ਦੀ ਮੀਟਿੰਗ ਵਿੱਚ ਪਾਣੀ ਨੂੰ ਬਚਾਉਣ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ 2 ਏਕੜ ਪੰਚਾਇਤੀ ਜ਼ਮੀਨ ਵਿੱਚ ਜੰਗਲ ਬਨਾਉਣਾ ਅਤੇ ਮੀਂਹ ਦੇ ਪਾਣੀ ਨੂੰ ਧਰਤੀ ਹੇਠਲੇ ਪਾਣੀ ’ਚ, ਰੀਚਾਰਜ ਕਰਨ ਲਈ ਰੇਨ ਵਾਟਰ ਰੀਚਾਰਜ ਪਿਟ ਬਨ੍ਹਾਉਣ ਦੇ ਕੰਮ ਏਜੰਡੇ ਵਿਚ ਪਾਏ ਗਏ ਹਨ। ਸਰਕਾਰੀ ਵਿਭਾਗਾਂ ਤੋ ਆਏ ਅਧਿਕਾਰੀ ਆਪਣੇ ਆਪਣੇ ਮਹਿਕਮੇ ਦੀਆ ਸਕੀਮਾਂ ਦੀ ਜਾਣਕਾਰੀ ਦੇਣਗੇ।