ਲਖਵੀਰ ਸਿੰਘ ਚੀਮਾ
ਟੱਲੇਵਾਲ, 1 ਨਵੰਬਰ
ਮੁੱਖ ਅੰਸ਼
- ਲੱਖਾ ਸਿਧਾਣਾ ਤੇ ਸਾਥੀ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਡਟੇ; ਮਾਂ ਬੋਲੀ ਪ੍ਰਤੀ ਸਰਕਾਰ ਦੀ ਕਥਨੀ ਤੇ ਕਰਨੀ ’ਤੇ ਚੁੱਕੇ ਸਵਾਲ
- ਟੌਲ ਪਲਾਜ਼ਾ ਬੰਦ ਕਰਨ ਦੀ ਕਿਸਾਨਾਂ ਦੀ ਮੰਗ ਦਾ ਕੀਤਾ ਸਮਰਥਨ
ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਪਿੰਡ ਚੀਮਾ ਨੇੜੇ ਚੱਲ ਰਹੇ ਟੌਲ ਪਲਾਜ਼ਾ ਉਪਰ ਬੀਕੇਯੂ ਡਕੌਂਦਾ ਵਲੋਂ ਟੌਲ ਪਲਾਜ਼ਾ ਬੰਦ ਕਰਵਾਉਣ ਲਈ ਕਰੀਬ ਦੋ ਮਹੀਨਿਆਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਅੱਜ ਇਸ ਟੌਲ ਪਲਾਜ਼ਾ ਉਪਰ ਲੱਖਾ ਸਿੰਘ ਸਿਧਾਣਾ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਟੌਲ ਪਲਾਜ਼ਾ ਉਪਰ ਲਿਖੀ ਅੰਗਰੇਜ਼ੀ ਭਾਸ਼ਾ ’ਤੇ ਕਾਲਖ ਮਲੀ ਗਈ। ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਅੱਜ ਦੇ ਦਿਨ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ, ਪਾਣੀਆਂ ’ਤੇ ਡਾਕਾ ਮਾਰਿਆ ਗਿਆ, ਰਾਜਧਾਨੀ ਖੋਹ ਲਈ ਗਈ ਅਤੇ ਪੰਜਾਬੀ ਭਾਸ਼ਾ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਅੱਜ ਦੀ ਮੌਜੂਦਾ ਆਪ ਸਰਕਾਰ ਨੇ ਪੰਜਾਬੀ ਭਾਸ਼ਾ ਪ੍ਰਤੀ 1 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬੀ ਭਾਸ਼ਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਅਤੇ ਸਰਕਾਰ ਨੇ ਬਾਕਾਇਦਾ ਜੁਲਾਈ ਮਹੀਨੇ ਵਿੱਚ ਇੱਕ ਪੱਤਰ ਜਾਰੀ ਕਰਕੇ ਹਰ ਸਰਕਾਰੀ ਵਿਭਾਗ ਵਿੱਚ ਪੰਜਾਬੀ ਭਾਸ਼ਾ ਵਿੱਚ ਕੰਮ ਲਾਜ਼ਮੀ ਕੀਤੇ ਸਨ। ਪਰ ਅੱਜ ਤੱਕ ਇਹ ਹੁਕਮ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤੇ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਵਿਰੁੱਧ ਕਾਲਖ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਤਹਿਤ ਅੱਜ ਰੋਸ ਵਜੋਂ ਮੁੜ ਕੌਮੀ ਹਾਈਵੇਅ ਉਪਰ ਅੰਗਰੇਜ਼ੀ ਭਾਸ਼ਾ ਉਪਰ ਕਾਲਖ ਮਲ ਕੇ ਪੰਜਾਬੀ ਮਾਂ ਬੋਲੀ ਨੂੰ ਹਰ ਥਾਂ ਬਣਦਾ ਮਾਣ ਸਤਿਕਾਰ ਦੇਣ ਦੀ ਮੰਗ ਕਰ ਰਹੇ ਹਾਂ। ਇਸ ਮੌਕੇ ਭਾਨਾ ਸਿੱਧੂ ਨੇ ਕਿਹਾ ਕਿ ਦੋ ਮਹੀਨਿਆਂ ਤੋਂ ਬੀਕੇਯੂ ਡਕੌਂਦਾ ਇਸ ਗਲਤ ਟੌਲ ਪਲਾਜ਼ਾ ਨੂੰ ਚੁਕਵਾਉਣ ਲਈ ਧਰਨਾ ਲਗਾਈ ਬੈਠੀ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਇਸ ਜਾਇਜ਼ ਮੰਗ ਵੱਲ ਧਿਆਨ ਨਹੀਂ ਦੇ ਰਿਹਾ। ਜਦਕਿ ਇਸ ਟੌਲ ਪਲਾਜ਼ਾ ਨੂੰ ਤੁਰੰਤ ਇਸ ਜਗ੍ਹਾ ਤੋਂ ਹਟਾਇਆ ਜਾਣਾ ਚਾਹੀਦਾ ਹੈ।