ਪੱਤਰ ਪ੍ਰੇਰਕ
ਜ਼ੀਰਾ, 8 ਜੁਲਾਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਦੀ ਮਰਖਾਈ ਹੇਠ ਜ਼ੀਰਾ ਵਿੱਚ ਹੋਈ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਰਖਾਈ ਨੇ ਕਿਹਾ ਕਿ ਸਰਕਾਰੀ ਗੋਇੰਦਵਾਲ ਥਰਮਲ ਪਲਾਂਟ ਦੀ ਬਜਾਏ ਸਰਕਾਰ ਨੂੰ ਬਾਹਰੋਂ ਬਿਜਲੀ ਖ਼ਰੀਦਣੀ ਚਾਹੀਦੀ ਹੈ ਕਿਉਂਕਿ 2019-20 ਦੇ ਬਿਜਲੀ ਖਰੀਦ ਅੰਕੜਿਆਂ ਦੀ ਸਮੀਖਿਆ ਕੀਤੀ ਗਈ ਤਾਂ ਇਹ ਤੱਥ ਉੱਭਰ ਕੇ ਸਾਹਮਣੇ ਆਏ ਕਿ ਗੋਇੰਦਵਾਲ ਥਰਮਲ ਪਲਾਂਟ ਤੋਂ ਜਿਹੜੀ ਬਿਜਲੀ 9.54 ਰੁਪਏ ਪ੍ਰਤੀ ਯੂਨਿਟ ਖਰੀਦੀ ਗਈ, ਉਹ ਬਿਜਲੀ ਪਾਵਰਕੌਮ ਵੱਲੋਂ ਬਾਹਰੋਂ 3.94 ਰੁਪਏ ਪ੍ਰਤੀ ਯੂਨਿਟ ਖਰੀਦੀ ਗਈ, ਪਾਵਰਕੌਮ ਨੇ ਇਸ ਤਰ੍ਹਾਂ ਤਲਵੰਡੀ ਸਾਬੋ ਤੋਂ 6.63 ਰੁਪਏ ਪ੍ਰਤੀ ਯੂਨਿਟ ਰਾਜਪੁਰਾ ਥਰਮਲ ਪਲਾਂਟ ਤੋਂ 5.06 ਰੁਪਏ ਪ੍ਰਤੀ ਯੂਨਿਟ ਖਰੀਦੀ, ਸੋਲਰ ਤੇ ਬਾਇਓਮਾਸ ਪ੍ਰਾਜੈਕਟ ਤੋਂ 6.55 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਗਈ। ਉਨ੍ਹਾਂ ਕਿਹਾ ਕਿ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਬਾਹਰੋਂ 3.94 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਦੀ ਸੀ ਤਾਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਵੱਧ ਰੇਟ ਵਿੱਚ ਬਿਜਲੀ ਕਿਉਂ ਖਰੀਦੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਪੂਰੇ ਸਾਲ ਵਿੱਚ ਬਾਹਰੋਂ 9455 ਕਰੋੜ ਦੀ ਬਿਜਲੀ ਖਰੀਦੀ ਗਈ, ਪੂਰੇ ਸਾਲ ਦੌਰਾਨ ਕੁੱਲ 21,725 ਕਰੋੜ ਦੀ ਬਿਜਲੀ ਖਰੀਦੀ ਗਈ, ਜਿਸ ਵਿੱਚੋਂ 12,270 ਕਰੋੜ ਦੀ ਬਿਜਲੀ ਪ੍ਰਾਈਵੇਟ ਤੇ ਸੋਲਰ ਸਿਸਟਮ ਤੋਂ ਖਰੀਦੀ ਗਈ। ਜੇਕਰ ਇਹ ਬਿਜਲੀ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਖਰੀਦੀ ਜਾਂਦੀ ਤਾਂ 4390 ਕਰੋੜ ਰੁਪਏ ਦੀ ਬਚਤ ਹੋਣੀ ਸੀ। ਇਸ ਸਮੇਂ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਿੱਥੋਂ ਬਿਜਲੀ ਸਸਤੀ ਮਿਲਦੀ ਹੈ ਉਥੋਂ ਲੈਣੀ ਚਾਹੀਦੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਬਿਜਲੀ ਸਸਤੀ ਨਾ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।