ਪੱਤਰ ਪ੍ਰੇਰਕ
ਮਾਨਸਾ, 8 ਮਈ
ਸੀਪੀਆਈ (ਐੱਮਐੱਲ) ਲਬਿਰੇਸ਼ਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਰਾਜਿੰਦਰ ਕੌਰ ਭੱਠਲ ਤੋਂ ਸਰਕਾਰੀ ਕੋਠੀ ਪੱਚੀ ਸਾਲਾਂ ਬਾਅਦ ਖ਼ਾਲੀ ਕਰਵਾ ਲਈ ਹੈ, ਇਹ ਚੰਗੀ ਗੱਲ ਹੈ ਅਤੇ ਹੁਣ ਉਸ ਤੋਂ 25 ਸਾਲਾਂ ਦਾ ਕਿਰਾਇਆ ਤੇ ਬਿਜਲੀ ਦਾ ਬਿੱਲ ਵੀ ‘ਆਪ’ ਸਰਕਾਰ ਵਸੂਲੇ। ਲਬਿਰੇਸ਼ਨ ਦਾ ਇਹ ਵੀ ਆਖਣਾ ਹੈ ਕਿ ਰਾਜ ਦੇ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਤੋਂ ਸਰਕਾਰੀ ਮਕਾਨਾਂ ਦਾ ਕਿਰਾਇਆ ਤੇ ਬਿਜਲੀ ਦਾ ਬਿੱਲ ਵਸੂਲ ਕੀਤਾ ਜਾਵੇ। ਲਬਿਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਨੱਛਤਰ ਸਿੰਘ ਖੀਵਾ ਨੇ ਇੱਕ ਲਿਖਤੀ ਪ੍ਰੈਸ ਨੋਟ ਰਾਹੀਂ ਕਿਹਾ ਕਿ ਵਿਧਾਇਕਾਂ ਤੋਂ ਇਹ ਕਿਰਾਇਆ ਉਸ ਰੂਪ ਵਿੱਚ ਵਸੂਲਿਆਂ ਜਾਵੇ, ਜਿਸ ਪੈਟਰਨ ’ਤੇ ਸਰਕਾਰੀ ਮੁਲਾਜ਼ਮਾਂ ਤੋਂ ਸਰਕਾਰੀ ਮਕਾਨਾਂ ਦਾ ਕਿਰਾਇਆ ਅਤੇ ਬਿਲ ਵਸੂਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੌਥਾ ਦਰਜਾ ਮੁਲਾਜ਼ਮ ਵੀ, ਜੇ ਕਿਸੇ ਸਰਕਾਰੀ ਕੁਆਰਟਰ ਵਿੱਚ ਰਹਿੰਦਾ ਹੈ ਤਾਂ ਉਸ ਦਾ ਮਕਾਨ ਕਿਰਾਇਆ ਭੱਤਾ ਤਨਖਾਹ ਵਿੱਚੋਂ ਕੱਟ ਲਿਆ ਜਾਂਦਾ ਹੈ ਅਤੇ ਉਸ ਤੋਂ ਬਿਜਲੀ ਦਾ ਬਿੱਲ ਵੀ ਭਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਵੀ ਲੋਕਾਂ ਦੀ ਸੇਵਾ ਕਰਦੇ ਹਨ, ਜਿਸ ਤਰ੍ਹਾਂ ਮੰਤਰੀ ਅਤੇ ਵਿਧਾਇਕ ਕਰਦੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਅਤੇ ਵਿਧਾਇਕ ਵੀ ਤਨਖ਼ਾਹਾਂ ਅਤੇ ਭੱਤੇ ਲੈਂਦੇ ਹਨ, ਫਿਰ ਉਨ੍ਹਾਂ ਨੂੰ ਮਕਾਨ ਕਿਰਾਇਆ ਅਤੇ ਬਿਜਲੀ ਦਾ ਬਿੱਲ ਮੁਆਫ਼ ਕਿਉਂ ਹੈ।