ਮੋਗਾ: ਆਮ ਆਦਮੀ ਪਾਰਟੀ ਦੇ ਸੁੂਬਾਈ ਆਗੂ ਤੇ ਪਾਰਟੀ ਬੁਲਾਰੇ ਨਵਦੀਪ ਸੰਘਾ ਨੇ ਕਿਹਾ ਕਿ ਕੈਪਟਨ ਸਰਕਾਰ ਕਰੋਨਾ ਦੇ ਮਾੜੇ ਪ੍ਰਬੰਧਾਂ ਨੂੰ ਛੁਪਾਉਣ ਲਈ ਤਾਲਾਬੰਦੀ ਦਾ ਸਹਾਰਾ ਲੈ ਰਹੀ ਹੈ, ਜਿਸ ਨਾਲ ਸੂਬੇ ਦਾ ਅਰਥਚਾਰਾ ਵੀ ਬਰਬਾਦ ਹੋ ਰਿਹਾ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ। ‘ਆਪ’ ਆਗੂ ਸੰਘਾ ਨੇ ਬਿਆਨ ’ਚ ਕਿਹਾ ਕਿ ਕਰੋਨਾ ਮਹਾਮਾਰੀ ਕਾਲ ਵਿੱਚ ਕੈਪਟਨ ਸਰਕਾਰ ਨੇ ਜਿਥੇ ਹਸਪਤਾਲਾਂ ਵਿੱਚ ਬਿਮਾਰ ਵਿਅਕਤੀਆਂ ਲਈ ਇਲਾਜ ਦੀ ਚੰਗੀ ਵਿਵਸਥਾ ਕਰਨੀ ਸੀ, ਉਥੇ ਹੀ ਸੂਬੇ ਦੇ ਦੁਕਾਨਦਾਰਾਂ, ਮਜ਼ਦੂਰਾਂ, ਟੈਕਸੀ ਚਾਲਕਾਂ ਅਤੇ ਹੋਰ ਕਾਰੋਬਾਰੀਆਂ ਦੀ ਵੀ ਬਾਂਹ ਫੜ੍ਹਨੀ ਸੀ, ਨਾ ਤਾਂ ਹਸਪਤਾਲਾਂ ’ਚ ਚੰਗੇ ਪ੍ਰਬੰਧ ਹੋਏ ਅਤੇ ਨਾ ਹੀ ਦੁਕਾਨਦਾਰਾਂ, ਟੈਕਸੀ ਚਾਲਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਨ ਕਿਸ਼ਤਾਂ ਕਰੀਬ 3 ਮਹੀਨਿਆਂ ਤੱਕ ਨਾ ਭਰਨ ਦੀ ਛੋਟ ਦਿੱਤੀ ਜਾਵੇ, ਨਹੀਂ ਤਾਂ ਸਰਕਾਰ ਖਿਲਾਫ ਇਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ