ਐਨ.ਪੀ. ਸਿੰਘ
ਬੁਢਲਾਡਾ, 21 ਦਸੰਬਰ
ਦੇਸ਼ ਦੀ ਆਰਥਿਕਤਾ ਨੂੰ ਸੱਟ ਮਾਰਨ ਅਤੇ ਕਿਰਤੀ ਕਿਸਾਨਾਂ ਨੂੰ ਮੰਦਹਾਲੀ ਦੇ ਚੱਕਰ ਵਿੱਚ ਪਾਉਣ ਲਈ ਦੇਸ਼ ਦੇ ਹਾਕਮਾਂ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਲਾਗੂ ਨਵ-ਉਦਾਰਵਾਦੀ ਨੀਤੀਆਂ ਜ਼ਿੰਮੇਵਾਰ ਹਨ। ਇਹ ਪ੍ਰਗਟਾਵਾ ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਲਾਏ ਕਿਸਾਨੀ ਮੋਰਚੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਕੌਂਦਾ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਾਰਪੋਰੇਟਾਂ ਦੀ ਬੁੱਕਲ ਵਿੱਚੋਂ ਨਿੱਕਲ ਕੇ ਕਿਰਤੀ ਕਿਸਾਨਾਂ ਦੀ ਸਾਰ ਲਵੇ ਅਤੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੇ ਨਾਲ-ਨਾਲ ਬਿਜਲੀ ਸੋਧ ਬਿੱਲ-2020 ਵਾਪਸ ਲਿਆ ਜਾਵੇ। ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਹਰਿੰਦਰ ਸੋਢੀ, ਸਤਪਾਲ ਬਰ੍ਹੇ, ਸਵਰਨ ਸਿੰਘ ਬੋੜਾਵਾਲ ਤੇ ਭੁਪਿੰਦਰ ਸਿੰਘ ਗੁਰਨੇਕਲਾਂ ਵੀ ਸ਼ਾਮਲ ਸਨ। ਇਸ ਮੌਕੇ ਚਿੜੀਆ ਸਿੰਘ ਗੁਰਨੇਕਲਾਂ ਨੇ ਕਿਸਾਨੀ ਗੀਤ ਗਾ ਕੇ ਲੰਬਾ ਸਮਾਂ ਕਿਸਾਨਾਂ ਦਾ ਦਿਲ ਵੀ ਪਰਚਾਇਆ।
ਭੁੱਚੋ ਮੰਡੀ (ਪਵਨ ਗੋਇਲ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨ ਰੱਦ ਕਰਵਾਉਣ ਲਈ ਲਹਿਰਾ ਬੇਗਾ ਟੌਲ ਪਲਾਜ਼ਾ ਤੇ ਬੈਸਟ ਪ੍ਰਾਈਜ਼ ਮਾਲ ਅੱਗੇ 82ਵੇਂ ਦਿਨ ਵੀ ਮੋਰਚੇ ਜਾਰੀ ਰਹੇ। ਵੱਡੀ ਗਿਣਤੀ ਕਿਸਾਨ ਸ਼ਰਧਾਂਜਲੀ ਸਮਾਗਮਾਂ ਤੇ ਦਿੱਲੀ ਮੋਰਚਿਆਂ ਵਿੱਚ ਜੁਟੇ ਹੋਣ ਕਾਰਨ ਇਨ੍ਹਾਂ ਮੋਰਚਿਆਂ ਨੂੰ ਕਿਸਾਨ ਬੀਬੀਆਂ ਅਤੇ ਬੱਚਿਆਂ ਨੇ ਭਖਾ ਕੇ ਰੱਖਿਆ। ਇਸ ਮੌਕੇ ਧਰਨਾਕਾਰੀਆਂ ਨੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ ਸਲਾਮ ਕੀਤਾ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਦਰਸ਼ਨ ਮਾਈਸਰਖਾਨਾ, ਪਰਮਜੀਤ ਕੌਰ ਕੋਟੜਾ, ਸਿਮਰਜੀਤ ਸਿੰਘ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਨੂੰਨ ਰੱਦ ਕਰਨ ਦੀ ਬਜਾਏ ਦੋਗਲੀ ਨੀਤੀ ’ਤੇ ਚਲਦਿਆਂ ਕਿਸਾਨ ਅੰਦੋਲਨ ਨੂੰ ਖਦੇੜਨ ਲਈ ਹਰ ਹਰਬਾ ਵਰਤ ਰਹੀ ਹੈ। ਪਰ ਕਿਸਾਨ ਮੋਦੀ ਦੇ ਮਾੜੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ।