ਪੱਤਰ ਪ੍ਰੇਰਕ
ਮਾਨਸਾ, 20 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਨੇ ਅੱਜ ਕਿਹਾ ਕਿ ਮਾਲਵਾ ਖੇਤਰ ਵਿੱਚ ਝੋਨੇ ਦੀ ਵਾਢੀ ਦਾ ਕਾਰਜ ਆਰੰਭ ਹੋਣ ਤੋਂ ਪਹਿਲਾਂ ਪਰਾਲੀ ਸਾਂਭਣ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਮਸ਼ੀਨਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਮਸ਼ੀਨਾਂ ਹਰ ਪਿੰਡ ਦੀ ਸਹਿਕਾਰੀ ਸੁਸਾਇਟੀ ਨੂੰ ਚਾਰ ਤੋਂ ਛੇ ਤੱਕ ਦੇਣ ਦੀ ਜ਼ਰੂਰਤ ਹੈ ਤਾਂ ਜੋ ਕਿਸਾਨ ਝੋਨੇ ਨੂੰ ਅੱਗ ਲਾਉਣ ਦੀ ਥਾਂ ਇਨ੍ਹਾਂ ਮਸ਼ੀਨਾਂ ਰਾਹੀਂ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਲੋੜਵੰਦ ਕਾਰਖਾਨੇਦਾਰਾਂ ਨੂੰ ਵੇਚ ਸਕਣ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਦੇ ਵਫ਼ਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਕਿਸਾਨ ਆਗੂ ਰੁਲਦੂ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਉਹ ਪਹਿਲਾਂ ਵੀ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਚੁੱਕੇ ਹਨ। ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਲਈ ਪੰਜਾਬ ਤੇ ਕੇਂਦਰ ਸਰਕਾਰਾਂ ਮੁੱਖ ਤੌਰ ’ਤੇ ਜ਼ਿੰਮੇਵਾਰ ਹਨ, ਜਿਨ੍ਹਾਂ ਨੂੰ ਜਥੇਬੰਦੀਆਂ ਹਰ ਸਾਲ ਪ੍ਰਤੀ ਏਕੜ ਦੋ ਹਜ਼ਾਰ ਰੁਪਏ ਬੋਨਸ ਦੇਣ ਦਾ ਸੁਝਾਅ ਦਿੰਦੀਆਂ ਆ ਰਹੀਆਂ ਹਨ, ਪਰ ਕਿਸੇ ਵੀ ਹਕੂਮਤ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਨਮੀ 14 ਦੀ ਥਾਂ 22 ਫੀਸਦੀ ਕੀਤੀ ਜਾਵੇ ਤੇ ਕਿਸਾਨਾਂ ਝੋਨੇ ਦੀ ਫ਼ਸਲ ਸ਼ੈੱਲਰਾਂ ਵਿੱਚ ਸਿੱਧੀ ਵੇਚਣ ’ਤੇ ਲਾਈ ਪਾਬੰਦੀ ਖ਼ਤਮ ਕੀਤੀ ਜਾਵੇ। ਉਨ੍ਹਾਂ ਗੁਲਾਬੀ ਸੁੰਡੀ ’ਤੇ ਹਰੇ ਤੇਲੇ ਨਾਲ ਬਰਬਾਦ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਹਾਲ ਵਿਚ ਪਸ਼ੂਆਂ ਨੂੰ ਪਈ ਲੰਪੀ ਸਕਿਨ ਵਰਗੀ ਬਿਮਾਰੀ ਦੇ ਕਾਰਨ ਮਰੇ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਗੋਰਾ ਸਿੰਘ ਭੈਣੀਬਾਘਾ, ਕਰਨੈਲ ਸਿੰਘ ਮਾਨਸਾ, ਗੁਰਮੁਖ ਸਿੰਘ ਗੋਗੀ, ਸੁਖਚਰਨ ਸਿੰਘ ਦਾਨੇਵਾਲੀਆ, ਪੰਜਾਬ ਸਿੰਘ ਤਲਵੰਡੀ ਅਕਲੀਆ, ਮੱਖਣ ਸਿੰਘ ਮਾਨਸਾ ਵੀ ਮੌਜੂਦ ਸਨ।