ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 8 ਜੁੁਲਾਈ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ-25 ਬਾਬਾ ਦੀਪ ਸਿੰਘ ਨਗਰ ’ਚ ਟਿਊਬਵੈਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਹੁਣ ਗਰਮੀ ਦੇ ਸੀਜ਼ਨ ਦੌਰਾਨ ਪਾਣੀ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸ਼ਹਿਰ ’ਚ ਜਲ ਸਪਲਾਈ ਨੂੰ ਬਿਹਤਰ ਬਣਾਉਣ ਲਈ ਡੇਢ ਕਰੋੜ ਦਾ ਪ੍ਰਾਜੈਕਟ ਲਿਆਂਦਾ ਗਿਆ ਹੈ।
ਉਨ੍ਹਾਂ ਦੱੱਸਿਆ ਕਿ ਸੀਵਰੇਜ ਬੋਰਡ ਦੇ ਡੇਢ ਕਰੋੜ ਦੇ ਪ੍ਰਾਜੈਕਟ ਨਾਲ ਸ਼ਹਿਰ ਦੇ ਵੱਖ ਵੱਖ ਵਾਰਡਾਂ ’ਚ ਪਾਣੀ ਦੀ ਸਪਲਾਈ ਤੇਜ਼ ਕਰਨ ਲਈ ਛੇ ਟਿਊਬਵੈਲ ਲਾਏ ਜਾਣੇ ਹਨ। ਉਨ੍ਹਾਂ ਦੱੱਸਿਆ ਕਿ ਇਸ ਤੋਂ ਪਹਿਲਾਂ ਅਨਾਜ ਮੰਡੀ ਨੇੜੇ ਟਿਊਬਵੈਲ ਲਾਇਆ ਜਾ ਚੁੱਕਾ ਹੈ ਅਤੇ 2 ਟਿਊਬਵੈਲ ਆਉਂਦੇ 15 ਦਿਨਾਂ ਅੰਦਰ ਲਗਾ ਦਿੱੱਤੇ ਜਾਣਗੇ। ਬਾਕੀ ਦੋ ਵੀ ਛੇਤੀ ਸੀਵਰੇਜ ਬੋਰਡ ਵੱਲੋਂ ਲਾਏ ਜਾਣਗੇ, ਜਿਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਅਤੇ ਹਰ ਖੇਤਰ ਨੂੰ ਧਿਆਨ ਵਿਚ ਰੱਖਦੇ ਹੋਏ ਸਹੂਲਤਾਂ ਅਤੇ ਸਕੀਮਾਂ ਦਾ ਲਾਭ ਮੁਹੱਈਆ ਕਰਾ ਰਹੀ ਹੈ। ਖ਼ਾਸ ਕਰ ਕੇ ਬਰਨਾਲਾ ਵਾਸੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਮੀਤ ਹੇਅਰ ਨੇ ਆਖਿਆ ਕਿ ਬਰਨਾਲਾ ਸ਼ਹਿਰ ਅਤੇ ਪਿੰਡਾਂ ਵਿੱਚ ਮੁੱਢਲੀਆਂ ਸਹੂਲਤਾਂ ਦੇ ਨਾਲ-ਨਾਲ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸੀਵਰੇਜ ਬੋਰਡ ਦੇ ਐਸਡੀਓ ਰਜਿੰਦਰ ਗਰਗ ਨੇ ਦੱੱਸਿਆ ਕਿ ਇਸ ਤੋਂ ਪਹਿਲਾਂ 31 ਵਾਰਡਾਂ ਵਿਚ 31 ਟਿਊਬਵੈਲ ਸਨ, ਜਿਨ੍ਹਾਂ ਦੀ ਗਿਣਤੀ ਹੁਣ 33 ਹੋ ਗਈ ਹੈ ਅਤੇ ਬਾਕੀ 4 ਆਉਂਦੇ ਦਿਨੀਂ ਲਗਾਏ ਜਾਣਗੇ।