ਜੋਗਿੰਦਰ ਸਿੰਘ ਮਾਨ
ਮਾਨਸਾ, 4 ਸਤੰਬਰ
ਮਾਨਸਾ ਜ਼ਿਲ੍ਹੇ ਦੇ ਬਾਰਵੀਂ ਜਮਾਤ ਵਿੱਚੋਂ ਪਾਸ ਹੋਣ ਵਾਲੇ 12 ਹਜ਼ਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹਰ ਸਾਲ ਆਪਣੀ ਕਾਲਜ ਸਿੱਖਿਆ ਦੀ ਚਿੰਤਾ ਸਤਾਉਣ ਲੱਗਦੀ ਹੈ, ਕਿਉਂਕਿ ਜ਼ਿਲ੍ਹੇ ਦੇ ਇੱਕ ਦਰਜਨ ਵੱਡੇ ਕਸਬਿਆਂ ’ਚ ਅੱਜ ਆਜ਼ਾਦੀ ਦੇ ਪੌਣੀ ਸਦੀ ਬਾਅਦ ਵੀ ਕੋਈ ਕਾਲਜ ਨਹੀਂ ਖੋਲ੍ਹਿਆ ਜਾ ਸਕਿਆ। ਜ਼ਿਲ੍ਹੇ ’ਚ ਇਸ ਸਮੇਂ ਸਿਰਫ਼ ਇੱਕੋ-ਇੱਕ ਸਰਕਾਰੀ ਕਾਲਜ ਹੈ, ਜਦੋਂਕਿ 5 ਯੂਨੀਵਰਸਿਟੀ ਕਾਲਜ ਮੌਜੂਦ ਹਨ, ਜਿਥੇ ਬਾਰਵੀਂ ਉਪਰੰਤ ਬੀ.ਏ ਭਾਗ ਪਹਿਲਾ ਦੀਆਂ ਜਮਾਤਾਂ ’ਚ 2000 ਵਿਦਿਆਰਥੀ ਦਾਖ਼ਲ ਕਰਨਯੋਗ ਪ੍ਰਬੰਧ ਹੀ ਹਨ, ਜਦੋਂਕਿ ਬਾਕੀ 10000 ਬਾਰਵੀਂ ਪਾਸ ਹੋਏ ਵਿਦਿਆਰਥੀਆਂ ਲਈ ਜ਼ਿਲ੍ਹੇ ’ਚ ਸਰਕਾਰੀ ਕਾਲਜ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਕਾਲਜਾਂ ਦੀ ਅਣਹੋਂਦ ਕਾਰਨ ਸਿਰਫ਼ 10 ਪ੍ਰਤੀਸ਼ਤ ਬੱਚੇ ਹੀ ਬੀ.ਏ ਭਾਗ ਪਹਿਲਾ ਵਿੱਚ ਦਾਖ਼ਲਾ ਲੈਂਦੇ ਹਨ, ਜਦੋਂਕਿ ਬਾਕੀ 90 ਫੀਸਦੀ ਬੱਚੇ ਆਪਣੀ ਪੜ੍ਹਾਈ ਅਧੂਰੀ ਛੱਡਣ ਲਈ ਮਜ਼ਬੂਰ ਹਨ ਜਾਂ ਮਹਿੰਗੇ ਪ੍ਰਾਈਵੇਟ ਕਾਲਜਾਂ ਦੇ ਗਲ ਲੱਗਦੇ ਹਨ ਜਾਂ ਫਿਰ ਬਾਹਰਲੇ ਜ਼ਿਲ੍ਹਿਆਂ ਵਿੱਚ ਜਾ ਕੇ ਪੜ੍ਹਾਈ ਕਰਦੇ ਹਨ। ਸਿੱਖਿਆ ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜ਼ਿਲ੍ਹੇ ’ਚ ਸਿਰਫ਼ ਇਕ ਹੀ ਸਰਕਾਰੀ ਕਾਲਜ ਹੈ, ਜੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਯਾਦ (ਸਰਕਾਰੀ ਨਹਿਰੂ ਮੈਮੋਰੀਅਲ ਕਾਲਜ) ’ਚ ਬਣਿਆ ਹੈ। 1965 ’ਚ ਬਣੇ ਇਸ ਕਾਲਜ ’ਚ ਇਸ ਵੇਲੇ ਸਿਰਫ ਇਕ ਹੀ ਪੱਕਾ ਪ੍ਰੋਫੈਸਰ ਹੈ, ਜਦੋਂਕਿ ਰੈਗੂਲਰ ਪ੍ਰਿੰਸੀਪਲ, ਲਾਇਬਰੇਰੀਅਨ, ਸੁਪਰਡੈਂਟ, ਕਲਰਕ ਸਮੇਤ ਦਰਜਾ ਚਾਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਪ੍ਰੋਫੈਸਰਾਂ ਦੀਆਂ ਖਾਲੀ ਪੋਸਟਾਂ ਉਪਰ ਪਾਰਟ ਟਾਈਮ, ਗੈਸਟ ਫੈਕਲਟੀ ਅਤੇ ਠੇਕਾ ਆਧਾਰਤ ਲੈਕਚਰਾਰਾਂ ਨੂੰ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।
ਉਧਰ, ਦੂਜੇ ਪਾਸੇ ਇੱਕ ਦਰਜਨ ਵੱਡੇ ਪਿੰਡ ਤੇ ਕਸਬੇ ਪਿਛਲੇ 75 ਸਾਲਾਂ ਤੋਂ ਆਪਣੇ ਪਿੰਡ ’ਚ ਸਰਕਾਰੀ ਕਾਲਜ ਖੋਲ੍ਹਣ ਦੀ ਦੁਹਾਈ ਪਾਉਂਦੇ ਆ ਰਹੇ ਹਨ ,ਪਰ ਅਜੇ ਤੱਕ ਮੌਕੇ ਦੀ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਲੋਕਾਂ ਦਾ ਉਸ ਕਹਾਵਤ ਵਿਚ ਵਿਸ਼ਵਾਸ ਹੋਰ ਪੱਕਾ ਹੋ ਚੁੱਕਾ ਹੈ ਕਿ ‘ਬਹੁਤ ਦੂਰ ਦਰਵਾਜ਼ਾ ਅਦਲੀ ਰਾਜੇ ਦਾ, ਪਰਜਾ ਦੀ ਅਉਧਾ ਰਾਹ ’ਚ ਬੀਤ ਗਈ।’ ਜ਼ਿਲ੍ਹੇ ਦੇ ਕਸਬਿਆਂ ਬਰੇਟਾ, ਬਰ੍ਹੇ, ਬੋਹਾ, ਸਰਦੂਲਗੜ੍ਹ, ਝੁਨੀਰ, ਫੱਤਾ ਮਾਲੋਕਾ, ਜੋਗਾ, ਰੱਲਾ, ਫਫੜੇ ਭਾਈਕੇ, ਭੀਖੀ, ਬੁਢਲਾਡਾ, ਭੈਣੀਬਾਘਾ ਤੇ ਕੁਲਰੀਆਂ ਵਿੱਚ ਸਥਾਨਕ ਪੱਧਰ ’ਤੇ ਕੋਈ ਵੀ ਸਰਕਾਰੀ ਕਾਲਜ ਨਹੀਂ ਹਨ।
ਮਾਸਟਰਾਂ ਬਿਨਾਂ ਚੱਲ ਰਿਹਾ ਹੈ ਢਿੱਲਵਾਂ ਦਾ ਸਕੂਲ
ਤਪਾ ਮੰਡੀ, 4 ਸਤੰਬਰ (ਪੱਤਰ ਪ੍ਰੇਰਕ) ਪਿੰਡ ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਵੀ ਲੈਕਚਰਾਰ ਨਹੀਂ ਅਤੇ ਨਾ ਹੀ ਪ੍ਰਿੰਸੀਪਲ ਹੈ। ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਕੂਲ ’ਚ 562 ਵਿਦਿਆਰਥੀਆਂ ਲਈ 41 ਅਸਾਮੀਆਂ ’ਚੋਂ ਸਿਰਫ 26 ਅਧਿਆਪਕ ਹਨ। ਸਕੂਲ ’ਚ ਮੈਡੀਕਲ ਅਤੇ ਨਾਨ ਮੈਡੀਕਲ ਗਰੁੱਪਾਂ ਲਈ ਅਨੇਕਾਂ ਵਾਰ ਸਰਕਾਰਾਂ ਤੱਕ ਪਹੁੰਚ ਕੀਤੀ ਗਈ ਪਰ ਚੱਲਦਾ ਕਾਮਰਸ ਗਰੁੱਪ ਵੀ ਖ਼ਤਮ ਕਰ ਦਿੱਤਾ ਹੈ। ਹੁਣ ਆਰਟਸ ਤੇ ਵੋਕੇਸਨਲ ਗਰੁੱਪ ਦੇ ਗਿਆਰਵੀਂ ਤੇ ਬਾਰਵੀਂ ਦੇ 203 ਵਿਦਿਆਰਥੀਆਂ ਲਈ ਇਕ ਵੀ ਲੈਕਚਰਾਰ ਨਹੀਂ ਹੈ। ਸਾਰੇ ਵਿਸ਼ਿਆਂ ਦੀਆਂ ਪਸੋਟਾਂ ਖਾਲੀ ਹਨ। ਵੋਕੇਸ਼ਨਲ ਦੇ ਲੋੜੀਂਦੇ 6 ਲੈਕਚਰਾਰਾਂ ’ਚੋਂ ਸਿਰਫ ਦੋ ਅਸਾਮੀਆਂ ਭਰੀਆਂ ਹਨ। ਇਸ ਸੈਕੰਡਰੀ ਜਮਾਤਾਂ ਨੂੰ ਪੜ੍ਹਾਉਣ ਲਈ ਮਾਸਟਰ ਕੇਡਰ ਅਧਿਆਪਕਾਂ ਰਾਹੀਂ ਖਾਨਾਪੂਰਤੀ ਕੀਤੀ ਜਾ ਰਹੀ ਹੈ। ਜਦੋਂਕਿ ਮਾਸਟਰ ਕੇਡਰ ਵਿੱਚੋਂ ਸਮਾਜਿਕ ਸਿੱਖਿਆ ਦੀਆਂ ਦੋ, ਆਰਟ ਐਂਡ ਕਰਾਫਟ, ਐਸਐਲਏ, ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ, ਵਰਕਸ਼ਾਪ ਅਟੈਂਡੈਂਟ, ਚਪੜਾਸੀ ਤੇ ਚੌਕੀਦਾਰ ਦੀਆਂ ਅਸਾਮੀਆਂ ਖਾਲੀ ਹਨ।