ਪੱਤਰ ਪ੍ਰੇਰਕ
ਬੋਹਾ, 29 ਮਾਰਚ
ਭਾਰਤ-ਚੀਨ ਸਰਹੱਦ ’ਤੇ 12 ਚੀਨੀ ਸੈਨਿਕਾਂ ਨੂੰ ਮਾਰ ਕੇ ਲਸਾਨੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕ ਗੁਰਤੇਜ ਸਿੰਘ ਦੇ ਪਿੰਡ ਬੀਰੇ ਵਾਲਾ ਡੋਗਰਾ ਦੇ ਲੋਕਾਂ ਨੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਵਿੱਚ ਸਰਕਾਰੀ ਬੱਸ ਨੂੰ ਆਪਣੇ ਪਿੰਡ ’ਚ ਵੜਦਿਆਂ ਵੇਖਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਸ ਖੇਤਰ ਦੇ ਲੋਕਾਂ ਵੱਲੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੋਂ ਇਸ ਪਿੰਡ ਤੋਂ ਬੁਢਲਾਡਾ ਤੱਕ ਸਰਕਾਰੀ ਬੱਸ ਦਾ ਰੂਟ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਵਿਧਾਇਕ ਦੇ ਯਤਨਾਂ ਨਾਲ ਇਸ ਪਿੰਡ ਦੇ ਅੱਡੇ ’ਤੇ ਸਰਕਾਰੀ ਬੱਸ ਪਹੁੰਚ ਗਈ। ਜ਼ਿਕਰਯੋਗ ਹੈ ਕਿ ਸ਼ਹੀਦ ਦਾ ਪਿੰਡ ਹੋਣ ’ਤੇ ਵੀ ਇਹ ਪਿੰਡ ਪਿਛਲੇ ਕਈ ਸਾਲਾਂ ਤੋਂ ਬੱਸ ਸਰਵਿਸ ਨਾਲੋਂ ਟੁੱਟਿਆ ਹੋਇਆ ਸੀ। ਸਮਾਜ ਸੇਵੀ ਮਨਮੰਦਰ ਸਿੰਘ ਬੀਰਵਾਲਾ ਨੇ ਦੱਸਿਆ ਕਿ ਭਾਵੇਂ ਪਿਛਲੀ ਸਰਕਾਰ ਨੇ ਵੋਟਾਂ ਤੋਂ ਕੁਝ ਦਿਨ ਇਸ ਪਿੰਡ ਨੂੰ ਇਕ ਮਿੰਨੀ ਬੱਸ ਦੇ ਇਕ ਰੂਟ ਨਾਲ ਆਰਜ਼ੀ ਤੌਰ ’ਤੇ ਜੋੜਿਆ ਸੀ ਪਰ ਵੋਟਾਂ ਤੋਂ ਬਾਅਦ ਉਹ ਬੱਸ ਉਨ੍ਹਾਂ ਦੇ ਪਿੰਡ ਵਿੱਚ ਆਉਣੀ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਹੁਣ ਇਹ ਸਰਕਾਰੀ ਬੱਸ ਦਿਨ ਵਿੱਚ ਦੋ ਵਾਰ ਇਸ ਪਿੰਡ ਤੋਂ ਰਿਉਂਦ ਕਲਾਂ, ਰਿਉਂਦ ਖੁਰਦ, ਮਘਾਣੀਆਂ, ਸੇਰਖਾ ਵਾਲਾ, ਬੋਹਾ, ਰਾਮਪੁਰ ਮੰਡੇਰ ਤੇ ਕਲੀਪੁਰ ਤੋਂ ਹੁੰਦੀ ਹੋਈ ਬੁਢਲਾਡਾ ਪਹੁੰਚੇਗੀ। ਪਿੰਡ ਰਿਉਂਦ ਕਲਾਂ ਦੇ ਲੋਕਾਂ ਵੱਲੋਂ ਬੱਸ ਦੇ ਡਰਾਈਵਰ ਤੇ ਕੰਡਕਟਰ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸਰਪੰਚ ਸੁਖਦੇਵ ਸਿੰਘ ,ਬਬਲੀ ਸਿੰਘ ਰਿਉਂਦ, ਮਨਮੰਦਰ ਬੀਰੇਵਾਲਾ , ਕੇਵਲ ਸਿੰਘ ਸਰੋਏ, ਕੁਲਦੀਪ ਸਿੰਘ ਪੰਚ ਬੀਰੇਵਾਲਾ ਆਦਿ ਨੇ ਇਸ ਚੰਗੇ ਕੰਮ ਲਈ ਵਿਧਾਇਕ ਬੁੱਧ ਰਾਮ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।