ਖੇਤਰੀ ਪ੍ਰਤੀਨਿਧ
ਬਰਨਾਲਾ, 9 ਮਈ
ਇੱਥੇ ਮਾਲਵਾ ਸਾਹਿਤ ਸਭਾ ਵੱਲੋਂ ਸਾਹਿਤਕ ਸਮਾਗਮ ਦੌਰਾਨ ਲੇਖਕ ਮਹਿੰਦਰ ਸਿੰਘ ਰਾਹੀ ਦੀ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਜੀ ; ਜੀਵਨ ਬਾਣੀ ਅਤੇ ਵਾਰਤਕ ਵਿੱਚ ਵਿਲੱਖਣਤਾ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਵਿੱਚ ਖੋਜੀ ਵਿਦਵਾਨ ਰਾਹੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਗੁਰਬਾਣੀ ਅਤੇ ਗੁਰਮਤਿ ਵੈਰਾਗ ਦੀ ਵਿਲੱਖਣਤਾ ਦਾ ਜ਼ਿਕਰ ਕੀਤਾ ਹੈ ਉੱਥੇ ਗੁਰੂ ਸਾਹਿਬ ਵੱਲੋਂ ਲਿਖੇ ਹੁਕਮਨਾਮਿਆਂ ਦੇ ਸਹੀ ਉਤਾਰਿਆਂ ਦੀ ਵਿਆਖਿਆ ਵੀ ਕੀਤੀ ਹੈ। ਇਸ ਮੌਕੇ ਡਾ. ਗੁਰਤੇਜ ਸਿੰਘ ਠੀਕਰੀਵਾਲਾ ਦੀ ਪੁਸਤਕ ‘ਸਾਕਾ ਸ੍ਰੀ ਨਨਕਾਣਾ ਸਾਹਿਬ ਸਮਕਾਲੀ ਅਖਬਾਰਾਂ ਦੀ ਜ਼ੁਬਾਨੀ’ ਉੱਪਰ ਹੋਈ ਗੋਸ਼ਟੀ ਮੌਕੇ ਵਿਚਾਰ ਪੇਸ਼ ਕਰਦਿਆਂ ਸਾਬਕਾ ਐੱਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਹ ਖੋਜ ਰਚਨਾ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਸਮੁੱਚੇ ਵਾਕਿਆਤ ਦਾ ਬਿਓਰਾ ਵੀ ਪੇਸ਼ ਕਰਦੀ ਹੈੈ। ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਇਹ ਪੁਸਤਕ ਸਾਕਾ ਨਨਕਾਣਾ ਸਾਹਿਬ ਬਾਰੇ ਕਈ ਅਜਿਹੇ ਪੱਖਾਂ ਨੂੰ ਉਘਾੜਦੀ ਹੈ ਜੋ ਇਸ ਕਾਲ ਦੀਆਂ ਇਤਿਹਾਸਕ ਰਚਨਾਵਾਂ ਵਿੱਚ ਦਰਜ ਨਹੀਂ ਹਨ।