ਪੱਤਰ ਪ੍ਰੇਰਕ
ਭਦੌੜ, 21 ਅਕਤੂਬਰ
ਇੱਥੇ ਮੇਨ ਬਾਜ਼ਾਰ ਵਿੱਚ ਮੁਨਿਆਰੀ ਦੀ ਦੁਕਾਨ ਨੂੰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਰਾਮਪਾਲ ਪੱਪਾ ਦੀ ਬਸਾਤੀ ਦੀ ਦੁਕਾਨ ਨੂੰ ਤਕਰੀਬਨ ਸਵੇਰੇ ਤਿੰਨ ਵਜੇ ਅੱਗ ਲੱਗ ਗਈ ਜਿਸ ਦਾ ਪਤਾ ਡਿਊਟੀ ਦੇ ਰਹੇ ਚੌਕੀਦਾਰ ਨੂੰ ਲੱਗਾ। ਉਸ ਨੇ ਤੁਰੰਤ ਦੁਕਾਨਦਾਰ ਦੇ ਘਰ ਇਤਲਾਹ ਦਿੱਤੀ। ਲੋਕਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ’ਤੇ ਪੁੱਜੀ ਪੁਲੀਸ ਨੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਜੋ ਕਿ ਦੋ ਢਾਈ ਘੰਟੇ ਬਾਅਦ ਪੁੱਜੀ ਉਦੋਂ ਤੱਕ ਦੁਕਾਨ ਸੁਆਹ ਬਣ ਚੁੱਕੀ ਸੀ, ਉਨ੍ਹਾਂ ਤੁਰੰਤ ਅੱਗ ’ਤੇ ਕਾਬੂ ਪਾਇਆ ਤੇ ਹੋਰਨਾਂ ਦੁਕਾਨਾਂ ਨੂੰ ਅੱਗ ਲੱਗਣ ਤੋਂ ਬਚਾ ਲਿਆ। ਦੁਕਾਨਦਾਰ ਦਾ ਵੀਹ-ਪੱਚੀ ਲੱਖ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਵਪਾਰੀ ਆਗੂ ਵਿਜੇ ਕੁਮਾਰ, ਦੀਪਕ ਬਜਾਜ ਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਕਾਨਦਾਰ ਨੂੰ ਮੁਆਵਜ਼ਾ ਦਿੱਤਾ ਜਾਵੇ।