ਪੱਤਰ ਪ੍ਰੇਰਕ
ਧਨੌਲਾ, 23 ਜੁਲਾਈ
ਸਥਾਨਕ ਪਸ਼ੂ ਮੇਲਾ ਗਰਾਊਂਡ ਦੇ ਸਟੋਰ ’ਚ ਅੱਜ ਸਵੇਰੇ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਇਸ ਮੌਕੇ ਬਰਨਾਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਸਥਾਨਕ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਸਾਮਾਨ ਦੇ ਮਾਲਕ ਭੋਲਾ ਸਿੰਘ, ਜੱਗਾ ਸਿੰਘ, ਮੇਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਸ਼ੂ ਮੰਡੀ ਸਥਾਨ ਵਿੱਚ ਸਾਮਾਨ ਅਤੇ ਹੋਰ ਪ੍ਰਬੰਧ ਕਰਨ ਦਾ ਠੇਕਾ ਹੈ ਜਿਸ ਨਾਲ ਸਬੰਧਤ ਟੈਂਟ, ਕੁਰਸੀਆਂ, ਫਰਿੱਜ ਤੇ ਹੋਰ ਸਾਮਾਨ ਸਟੋਰ ’ਚ ਪਿਆ ਸੀ ਜੋ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਸਟੋਰ ਕੋਲ ਪਾਲੀਆਂ ਕਰੀਬ ਇੱਕ ਦਰਜਨ ਪਹਾੜੀ ਚਿੜੀਆਂ ਵੀ ਮਰ ਗਈਆਂ। ਥਾਣਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਇਹ ਅੱਗ ਸ਼ਾਰਟਸਰਕਟ ਕਾਰਨ ਲੱਗਣ ਦਾ ਖਦਸ਼ਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।