ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 14 ਸਤੰਬਰ
ਸ਼ਹਿਰ ਦੇ ਰਾਮ ਲੀਲਾ ਚੌਕ ਨੇੜੇ ਡਾ. ਬੰਗਾਲੀ ਦੇ ਕਲੀਨਿਕ ਤੋਂ ਬੀਤੀ ਸ਼ਾਮ ਗੱਲੇ ਦਾ ਤਾਲਾ ਤੋੜ ਕੇ ਨਕਦੀ ਚੋਰੀ ਕਰ ਕੇ ਦੋ ਨੌਜਵਾਨਾਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਰਾਮ ਲੀਲਾ ਚੌਕ ਨਜ਼ਦੀਕ ਦੋਵਾਂ ਬਾਈਕ ਸਵਾਰਾਂ ਨੂੰ ਲੋਕਾਂ ਨੇ ਦਬੋਚ ਲਿਆ। ਖੰਭੇ ਨਾਲ ਬੰਨ੍ਹ ਕੇ ਉਸ ਦੀ ਛਿੱਤਰ ਪਰੇਡ ਕੀਤੀ, ਇਸ ਤੋਂ ਬਾਅਦ ਊਸ ਨੂੰ ਸਿਟੀ ਪੁਲੀਸ ਹਵਾਲੇ ਕਰ ਦਿੱਤਾ।
ਡਾ. ਤੱਪਨ ਬੰਗਾਲੀ ਨੇ ਦੱਸਿਆ ਕਿ ਉਹ ਸ਼ਾਮ ਕਰੀਬ 7 ਵਜੇ ਆਪਣੇ ਕਲੀਨਿਕ ’ਤੇ ਮੌਜੂਦ ਸੀ। ਇਸ ਦੌਰਾਨ ਬਾਹਰ ਥੜੇ ਉੱਪਰ ਦੋ ਨੌਜਵਾਨ ਕੁਝ ਖਾ ਰਹੇ ਸਨ। ਇਸ ਦੌਰਾਨ ਜਦ ਉਹ ਕਲੀਨਿਕ ਦੀ ਉੱਪਰਲੀ ਰਿਹਾਇਸ਼ ਵਾਲੀ ਮੰਜ਼ਿਲ ’ਤੇ ਗਿਆ ਤਾਂ ਪਿੱਛੋਂ ਨੌਜਵਾਨਾਂ ਨੇ ਗੱਲੇ ਨੂੰ ਪੇਚਕੱਸ ਨਾਲ ਖੋਲ੍ਹ ਕੇ ਹਜ਼ਾਰ ਤੋਂ ਵੱਧ ਨਗਦੀ ਕੱਢ ਲਈ। ਉਨ੍ਹਾਂ ਬਿਨਾਂ ਨੰਬਰ ਵਾਲੇ ਸਪਲੈਂਡਰ ਮੋਟਰਸਾਈਕਲ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਹੀ ਊਹ ਹੇਠਾਂ ਆ ਗਿਆ ਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਆਸ-ਪਾਸ ਲੋਕਾਂ ਨੇ ਮੋਟਰਸਾਈਕਲ ਸਵਾਰ ਚੋਰਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਚੋਰੀ ਦੀ ਨਕਦੀ ਵੀ ਬਰਾਮਦ ਕਰ ਲਈ।
ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਰੇਡ ’ਤੇ ਸੀ ਅਤੇ ਇਹ ਮਾਮਲਾ ਮੇਰੇ ਧਿਆਨ ’ਚ ਨਹੀਂ ਹੈ ਅਤੇ ਉਹ ਸਬੰਧੀ ਮੁਨਸ਼ੀ ਤੋਂ ਜਾਣਕਾਰੀ ਲੈਣਗੇ ਕਿ ਇਸ ਸਬੰਧੀ ਕੋਈ ਸ਼ਿਕਾਇਤ ਆਈ ਹੈ।