ਟੋਨੀ ਛਾਬੜਾ
ਜਲਾਲਾਬਾਦ, 10 ਜੂਨ
ਆਮ ਆਦਮੀ ਪਾਰਟੀ ਜਲਾਲਾਬਾਦ ਦੇ ਹਲਕਾ ਇੰਚਾਰਜ ਬਣਨ ਤੋਂ ਬਾਅਦ ਅੱਜ ਜਗਦੀਪ ਕੰਬੋਜ ਗੋਲਡੀ ਨੇ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਦਾ ਦੌਰਾ ਕੀਤਾ ਤੇ ਸਮਰਥਕਾਂ ਨਾਲ ਤਾਲਮੇਲ ਕੀਤਾ। ਗੋਲਡੀ ਕੰਬੋਜ ਨੇ ਆਪਣੇ ਦੌਰੇ ਦੀ ਸ਼ੁਰੂਆਤ ਸਥਾਨਕ ਵਾਰਡ ਨੰਬਰ ਇੱਕ ਵਿੱਚ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਤੋਂ ਕੀਤੀ ਅਤੇ ਉਸ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਪਾਰਟੀ ਪ੍ਰਤੀ ਸਹਿਯੋਗ ਦੇਣ ਲਈ ਕਿਹਾ।
ਜਗਦੀਪ ਕੰਬੋਜ ਗੋਲਡੀ ਨੇ ਮੀਡੀਆ ਨੂੰ ਦੱਸਿਆ ਕਿ ਕਾਂਗਰਸੀ ਅਤੇ ਅਕਾਲੀ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੇ ਹਨ ਇਸ ਲਈ ਹੁਣ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇਵ ਰਾਜ ਸ਼ਰਮਾ, ਪਵਨ ਕਾਮਰੇਡ, ਨਰਿੰਦਰਪਾਲ ਸਿੰਘ ਸਵਨਾ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਦੀਪ ਕੰਬੋਜ, ਜ਼ਿਲਾ ਯੂਥ ਪ੍ਰਧਾਨ ਸੁਖਵਿੰਦਰ ਸਿੰਘ ਕੰਬੋਜ, ਮੈਡਮ ਸੁਧਾ ਵੀ ਮੌਜੂਦ ਸਨ।
ਲਾਭ ਸਿੰਘ ਉਗੋਕੇ ਨੂੰ ਸ਼ਹਿਣਾ ਦਾ ਹਲਕਾ ਇੰਚਾਰਜ ਲਾਇਆ
ਸ਼ਹਿਣਾ (ਪੱਤਰ ਪ੍ਰੇਰਕ): ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆ ਆਮ ਆਦਮੀ ਪਾਰਟੀ ਵੱਲੋਂ ਹਲਕੇ ਦੇ ਨੌਜਵਾਨ ਪਾਰਟੀ ਆਗੂ ਲਾਭ ਸਿੰਘ ਉਗੋਕੇ ਨੂੰ ਵਿਧਾਨ ਸਭਾ ਹਲਕਾ ਭਦੌੜ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਲਾਭ ਸਿੰਘ ਉਗੋਕੇ ਦੀਆਂ ਪਾਰਟੀ ਪ੍ਰਤੀ ਗਤੀਵਿਧੀਆਂ ਨੂੰ ਦੇਖਦਿਆਂ ਇਹ ਨਿਯੁਕਤੀ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਭਦੌੜ ਰਿਜ਼ਰਵ ਹੈ, ਇਸ ’ਚ ਤਪਾ ਮੰਡੀ, ਸ਼ਹਿਣਾ ਵੱਡੇ ਕਸਬੇ ਪੈਂਦੇ ਹਨ।
ਨਰੇਸ਼ ਕਟਾਰੀਆ ਜ਼ੀਰਾ ਦੇ ਹਲਕਾ ਇੰਚਾਰਜ ਨਿਯੁਕਤ
ਜ਼ੀਰਾ(ਪੱਤਰ ਪ੍ਰੇਰਕ): ਇਥੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੀਆਂ ਆਮ ਆਦਮੀ ਪਾਰਟੀ ਵਿੱਚ ਵਧੀਆ ਗਤੀਵਿਧੀਆਂ ਨੂੰ ਵੇਖਦੇ ਹੋਏ ‘ਆਪ’ ਹਾਈਕਮਾਂਡ ਨੇ ਉਨ੍ਹਾਂ ਨੂੰ ਜ਼ੀਰਾ ਹਲਕਾ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਉਨ੍ਹਾਂ ਨੂੰ ਪਹਿਲਾਂ ਜ਼ਿਲ੍ਹਾ ਫਿਰੋਜ਼ਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ , ਉਨ੍ਹਾਂ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਵੇਖਦੇ ਹੋਏ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਇੰਚਾਰਜ ਜਰਨੈਲ ਸਿੰਘ ਨੇ 24 ਹਲਕਿਆਂ ਦੀ ਸੂਚੀ ਜਾਰੀ ਕੀਤੀ ,ਜਿਸ ਵਿੱਚ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦਾ ਨਾਂ ਇੰਚਾਰਜ ਵਜੋਂ ਸ਼ਾਮਿਲ ਕੀਤਾ ਗਿਆ ਹੈ।