ਪੱਤਰ ਪ੍ਰੇਰਕ
ਜਲਾਲਾਬਾਦ, 23 ਦਸੰਬਰ
ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਵਿੱਚ ਤੀਜੀ ਗਾਰੰਟੀ ਦੇ ਸਬੰਧ ਵਿਚ ਲਗਾਤਾਰ ਜਨ ਸੰਵਾਦ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਹੋਜ ਖਾਸ, ਸੁਖੇਰਾ ਬੋਦਲਾਂ, ਮੁਰਕ ਵਾਲਾ, ਲਧੂ ਵਾਲਾ ਹਿਠਾੜ, ਬਸਤੀ ਸਰੂਪ ਦਾਸ ਜੀ ਵਿੱਚ ਜਨ ਸੰਵਾਦ ਕੀਤਾ ਗਿਆ। ਇਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਜਲਾਲਾਬਾਦ ਇੰਚਾਰਜ ਜਗਦੀਪ ਕੰਬੋਜ ਗੋਲਡੀ ਵੱਲੋਂ ਪਹੁੰਚ ਕੇ ਜਨ ਸੰਵਾਦ ਕੀਤਾ ਗਿਆ ਅਤੇ ਆਮ ਜਨਤਾ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ। ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਤੀਜੀ ਗਾਰੰਟੀ ਅਠਾਰਾਂ ਸਾਲ ਤੋਂ ਉਪਰ ਹਰ ਮਹਿਲਾ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਿਆ ਦਿੱਤਾ ਜਾਵੇਗਾ ਅਤੇ ਸਮੇਂ-ਸਮੇਂ ਸਿਰ ਆਮ ਆਦਮੀ ਪਾਰਟੀ ਇਨ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਫੁੱਕਰੇ ਅਤੇ ਬੇਈਮਾਨ ਲੀਡਰਾਂ ਦਾ ਸਮਾਂ ਹੁਣ ਖ਼ਤਮ ਹੋ ਚੁੱਕਿਆ ਹੈ ਅਤੇ ਲੋਕ ਕੇਜਰੀਵਾਲ ਵਰਗੇ ਸੱਚੇ ਸੁੱਚੇ ਇਨਸਾਨ ਉੱਤੇ ਹੀ ਭਰੋਸਾ ਕਰਨਗੇ। ਉਨ੍ਹਾਂ ਰਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਅਤੇ ਕੇਜਰੀਵਾਲ ਦੀ ਲੋਕ ਪੱਖੀ ਸੋਚ ਤੋਂ ਸਭ ਨੂੰ ਜਾਣੂ ਕਰਵਾਇਆ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇਵਰਾਜ ਸ਼ਰਮਾ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਸੁਖਵਿੰਦਰ ਸਿੰਘ ਕੰਬੋਜ ਤੇ ਹੋਰ ਹਾਜ਼ਰ ਰਹੇ।