ਪੱਤਰ ਪ੍ਰੇਰਕ
ਟੱਲੇਵਾਲ, 20 ਸਤੰਬਰ
ਪਿੰਡ ਪੱਖੋਕੇ ਵਿੱਚ ਅੱਜ ਘਰ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ। ਇਸ ਸਬੰਧੀ ਮੋਹਨ ਸਿੰਘ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਸਮੇਂ ਆਪਣੇ ਕੰਮ ਉੱਪਰ ਗਿਆ ਹੋਇਆ ਸੀ, ਜਦਕਿ ਉਸ ਦੀ ਪਤਨੀ ਆਪਣੇ ਕੰਮ ਗਈ ਹੋਈ ਸੀ। ਉਨ੍ਹਾਂ ਦੇ ਬੱਚੇ ਸਕੂਲ ਗਏ ਹੋਏ ਸਨ। ਇਸ ਦੌਰਾਨ ਚੋਰ ਪਿੰਡ ਬਖਤਗੜ੍ਹ ਵਾਲੀ ਸਾਈਡ ’ਤੇ ਸਥਿਤ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਚਾਰ ਤੋਲੇ ਸੋਨੇ ਅਤੇ ਛੇ ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਪੱਖੋ ਕੈਂਚੀਆਂ ਚੌਕੀ ਦੀ ਪੁਲੀਸ ਮੌਕੇ ਉੱਪਰ ਪਹੁੰਚੀ। ਚੌਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਚੋਰੀ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੇਵਾ ਕੇਂਦਰ ਦੇ ਮੁਲਾਜ਼ਮ ਤੋਂ 70 ਹਜ਼ਾਰ ਖੋਹੇ
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਸਾਂਦੇ ਹਾਸ਼ਮ ਪਿੰਡ ਦੇ ਨੇੜੇ ਸੇਵਾ ਕੇਂਦਰ ਦੇ ਮੁਲਾਜ਼ਮ ਤੋਂ ਪਿਸਤੌਲ ਦਿਖਾ ਕੇ ਸੱਤਰ ਹਜ਼ਾਰ ਰੁਪਏ ਖੋਹਣ ਦਾ ਮਾਮਲਾ ਥਾਣਾ ਕੁਲਗੜੀ ਵਿੱਚ ਦਰਜ ਕੀਤਾ ਗਿਆ ਹੈ। ਘਟਨਾ ਸੋਮਵਾਰ ਸ਼ਾਮ ਛੇ ਵਜੇ ਦੀ ਦੱਸੀ ਜਾਂਦੀ ਹੈ। ਪਿੰਡ ਬੱਗੇ ਕੇ ਪਿੱਪਲ ਵਿੱਚ ਸਥਿਤ ਸੇਵਾ ਕੇਂਦਰ ਵਿੱਚ ਕੰਮ ਕਰਦੇ ਰਵਿੰਦਰ ਸਿੰਘ ਵਾਸੀ ਪਿੰਡ ਸਾਂਦੇ ਹਾਸ਼ਮ ਨੇ ਪੁਲੀਸ ਨੂੰ ਦੱਸਿਆ ਕਿ ਘਟਨਾ ਦੇ ਵਕਤ ਉਹ ਆਪਣੀ ਡਿਊਟੀ ਤੋਂ ਵਾਪਸ ਘਰ ਆ ਰਿਹਾ ਸੀ। ਪਿੰਡ ਦੇ ਕੋਲ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਦਾ ਰਾਹ ਰੋਕ ਲਿਆ ਤੇ ਰੁਪਇਆਂ ਵਾਲਾ ਬੈਗ ਉਸ ਕੋਲੋਂ ਖੋਹਣ ਲੱਗ ਪਏ। ਜਦੋਂ ਉਸ ਨੇ ਬੈਗ ਨਾ ਛੱਡਿਆ ਤਾਂ ਇੱਕ ਲੁਟੇਰੇ ਨੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਜਿਸ ਕਰਕੇ ਉਹ ਡਰ ਗਿਆ ਤੇ ਉਸ ਨੇ ਬੈਗ ਛੱਡ ਦਿੱਤਾ। ਲੁਟੇਰੇ ਬੈਗ ਅਤੇ ਉਸ ਦਾ ਮੋਬਾਈਲ ਫ਼ੋਨ ਲੈ ਕੇ ਫ਼ਰਾਰ ਹੋ ਗਏ। ਕੁਲਗੜੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।