ਪੱਤਰ ਪ੍ਰੇਰਕ
ਸਮਾਲਸਰ, 21 ਜੂਨ
ਬਾਘਾ ਪੁਰਾਣਾ ਨੇੜਲੇ ਪਿੰਡ ਨੱਥੋਕੇ ਦੀ ਲੜਕੀ ਨੇ ਆਈਲੈਟਸ ਵਿਚੋਂ ਬੈਂਡ ਘੱਟ ਆਉਣ ਕਾਰਨ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕਮਲਪ੍ਰੀਤ ਕੌਰ (20) ਪੁੱਤਰੀ ਬਲਵਿੰਦਰ ਸਿੰਘ ਵਾਸੀ ਨੱਥੋਕੇ ਜੋ ਕਿ ਵਿਦੇਸ਼ ਜਾਣ ਦੇ ਸੁਪਨੇ ਸੰਜੋਈ ਬੈਠੀ ਸੀ ਅਤੇ ਆਈਲੈਟਸ ਦੀ ਤਿਆਰੀ ਕਰ ਰਹੀ ਸੀ। ਜਦ ਉਸ ਨੇ ਆਈਲੈਟਸ ਦੇ ਪੇਪਰ ਦਿੱਤੇ ਅਤੇ ਨਤੀਜਾ ਚੈੱਕ ਕੀਤਾ ਤਾਂ ਬੈਂਡ ਘੱਟ ਹੋਣ ਕਾਰਨ ਪ੍ਰੇਸ਼ਾਨ ਰਹਿਣ ਲੱਗ ਪਈ। ਇਸ ਸਦਮੇ ਕਾਰਨ ਉਸ ਨੇ ਘਰ ਵਿਚ ਪਈ ਜ਼ਹਿਰੀਲੀ ਦਵਾਈ ਪੀ ਲਈ। ਜਦ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਲੜਕੀ ਦੀ ਵਿਗੜੀ ਹਾਲਤ ਦਾ ਪਤਾ ਲੱਗਾ ਤਾਂ ਉਨ੍ਹਾਂ ਉਸ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ। ਬਾਘਾ ਪੁਰਾਣਾ ਥਾਣਾ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਕਮਲਪ੍ਰੀਤ ਕੌਰ ਦੇ ਪਿਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।