ਪਰਮਜੀਤ ਸਿੰਘ
ਫਾਜ਼ਿਲਕਾ, 2 ਅਗਸਤ
ਫਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਮਿਲੇ ਨਿਰਦੇਸ਼ਾਂ ਅਨੁਸਾਰ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤਾਂ ਕਾਰਨ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਜਾਰੀ ਹੋ ਗਏ ਹਨ।
ਇਸ ਮੌਕੇ ਉਨ੍ਹਾਂ ਨੇ ਪਿੰਡ ਖੂਈਖੇੜਾ ਵਿਖੇ ਨੁਕੇਰੀਆਂ ਅਤੇ ਅਸਪਾਲ ਡ੍ਰੇਨ ਦੇ ਸੰਗਮ ਸਥਾਨ ਦਾ ਦੌਰਾ ਕਰਕੇ ਪਿੰਡ ਵਾਸੀਆਂ ਤੋਂ ਇਸ ਬਰਸਾਤੀ ਪਾਣੀ ਦੀ ਤੇਜ਼ੀ ਨਾਲ ਨਿਕਾਸੀ ਲਈ ਕੀਤੀ ਜਾਣ ਵਾਲੀ ਯੋਜਨਾਬੰਦੀ ਲਈ ਸੁਝਾਅ ਵੀ ਲਏ। ਉਨ੍ਹਾਂ ਬਾਅਦ ’ਚ ਜ਼ਿਲ੍ਹੇ ਦੇ ਪਿੰਡ ਸਜਰਾਣਾ, ਕੁਹਾੜਿਆਂ ਵਾਲੀ ਅਤੇ ਬੁਰਜ ਹਨੁੰਮਾਨਗੜ੍ਹ ਦਾ ਵੀ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਵੱਲੋਂ ਘਰਾਂ ਨੂੰ ਵੀ ਮੀਂਹ ਕਾਰਨ ਹੋਏ ਨੁਕਸਾਨ ਸਬੰਧੀ ਦੱਸੇ ਜਾਣ ’ਤੇ ਕਿਹਾ ਕਿ ਖੇਤੀ ਨੂੰ ਹੋਏ ਨੁਕਸਾਨ ਦੇ ਨਾਲ ਨਾਲ ਘਰਾਂ ਨੂੰ ਹੋਏ ਨੁਕਸਾਨ ਸਬੰਧੀ ਵੀ ਸਰਵੇ ਕੀਤਾ ਜਾਵੇਗਾ। ਕਮਿਸ਼ਨਰ ਨੇ ਇਸ ਮੌਕੇ ਲੋਕਾਂ ਨੂੰ ਕਿਹਾ ਕਿ ਵਿਭਾਗ ਪੂਰੀ ਪਾਰਦਰਸ਼ਤਾ ਨਾਲ ਗਿਰਦਾਵਰੀ ਕਰੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਯੋਗ ਵਿਅਕਤੀ ਸਰਕਾਰ ਤੋਂ ਮਿਲਣ ਵਾਲੇ ਮੁਆਵਜ਼ੇ ਤੋਂ ਵਾਂਝਾ ਨਾ ਰਹੇ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸਨਰ ਡਾ. ਹਿਮਾਂਸੂ ਅਗਰਵਾਲ ਨੇ ਉਨ੍ਹਾਂ ਨੂੰ ਜ਼ਿਲ੍ਹੇ ’ਚ ਕੀਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਪੁੱਜਣ ’ਤੇ ਡਿਪਟੀ ਕਮਿਸਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪੁਲੀਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਏਡੀਸੀ ਹਰਚਰਨ ਸਿੰਘ, ਜਿਲ੍ਹਾ ਮਾਲ ਅਫਸਰ ਅਮਨ ਪਾਲ ਸਿੰਘ, ਤਹਿਸੀਲਦਾਰ ਜ਼ਗਸੀਰ ਸਿੰਘ, ਬੀਡੀਪੀਓ ਪਿਆਰ ਸਿੰਘ ਵੀ ਹਾਜ਼ਰ ਸਨ।