ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 6 ਜੁਲਾਈ
ਇੱਥੋਂ ਦੀ ਪੁਲੀਸ ਨੇ ਚੋਰ ਗਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 10 ਮੋਟਰਸਾਈਕਲ ਅਤੇ ਇੱਕ ਕਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਐਸ.ਐਚ.ਓ. ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਗਸ਼ਤ ਦੌਰਾਨ ਏ.ਐਸ.ਆਈ ਕੁਲਵੰਤ ਸਿੰਘ ਸਮੇਤ ਪੁਲੀਸ ਪਾਰਟੀ ਰੇਲਵੇ ਫਾਟਕ ਲੰਬੀ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ ਨਿੱਕਾ, ਗੁਰਮੀਤ ਸਿੰਘ, ਰਾਮਪਾਲ ਸਿੰਘ, ਮੰਗਾ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ ਤਾਨਾ, ਗੁਰਚਰਨ ਸਿੰਘ ਉਰਫ ਮੰਨਾ, ਇੰਦਰਜੀਤ ਸਿੰਘ ਵਾਸੀਆਨ ਪਿੰਡ ਥਰਾਜਵਾਲਾ, ਸੰਦੀਪ ਸਿੰਘ ਉਰਫ ਗਿਆਨੀ ਵਾਸੀ ਪਿੰਡ ਚੰਨੂ, ਜੰਟਾ ਵੈਲੀ ਵਾਸੀ ਅਬੁਲਖੁਰਾਨਾ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ। ਅੱਜ ਗਿੱਦੜਬਾਹਾ ਸ਼ਹਿਰ ਵਿੱਚ 4-5 ਚੋਰੀ ਕੀਤੇ ਮੋਟਰਸਾਈਕਲ ਲੈ ਕੇ ਘੁੰਮ ਰਹੇ ਹਨ ਅਤੇ ਜਾਅਲੀ ਆਰ.ਸੀ. ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਵੇਚਣ ਦੀ ਤਾਕ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗਰੋਹ ਦੇ 10 ਵਿਅਕਤੀਆਂ ਵਿੱਚੋਂ 7 ਵਿਅਕਤੀਆਂ ਲਵਪ੍ਰੀਤ ਸਿੰਘ ਗੁਰਮੀਤ ਸਿੰਘ, ਰਾਮਪਾਲ ਸਿੰਘ, ਮੰਗਾ ਸਿੰਘ, ਇੰਦਰਜੀਤ ਸਿੰਘ, ਸੰਦੀਪ ਸਿੰਘ ਗਿਆਨੀ ਅਤੇ ਜੰਟਾ ਵੈਲੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 10 ਮੋਟਰਸਾਈਕਲ ਅਤੇ ਇੱਕ ਕਾਰ ਜੋ ਕਿ ਮਲੋਟ, ਡੱਬਵਾਲੀ ਅਤੇ ਗਿੱਦੜਬਾਹਾ ਤੋਂ ਚੋਰੀ ਕੀਤੇ ਸਨ ਨੂੰ ਬਰਾਮਦ ਕਰਕੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲੀਸ ਰਿਮਾਂਡ ਲਿਆ ਜਾ ਰਿਹਾ ਹੈ। ਬਾਕੀ ਰਹਿੰਦੇ 3 ਕਥਿਤ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।