ਪੱਤਰ ਪੇ੍ਰਕ
ਝੁਨੀਰ, 15 ਫਰਵਰੀ
ਇਥੇ ਪਿੰਡ ਘੁੱਦੂਵਾਲਾ ਵਿੱਚ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਮਾਨਸਾ ਦੇ ਅਧਿਕਾਰੀ ਜਦੋਂ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਨੂੰ ਨਾਲ ਲੈ ਕੇ ਪਿੰਡ ਦੇ ਕਿਸਾਨ ਜਸਪਾਲ ਸਿੰਘ ਪੁੱਤਰ ਬਾਬੂ ਸਿੰਘ ਦੀ ਕਰਜ਼ਾ ਵਸੂਲੀ ਦੀ ਆੜ ਵਿੱਚ ਜ਼ਮੀਨ ਦੀ ਕੁਰਕੀ ਕਰਨ ਲਈ ਪੁੱਜੇ ਤਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਇਸਦਾ ਵਿਰੋਧ ਕੀਤਾ। ਜ਼ਿਲ੍ਹਾ ਆਗੂ ਉੱਤਮ ਸਿੰਘ ਰਾਮਾਨੰਦੀ ਅਤੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਦੀ ਸਰਪ੍ਰਸਤੀ ਅਧੀਨ ਕਿਸਾਨਾਂ ਨੇ ਬੈਂਕ ਅਤੇ ਕੇਂਦਰ ਅਤੇ ਰਾਜ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਗੁੱਸਾ ਅਤੇ ਵਿਰੋਧ ਦੇਖਦੇ ਹੋਏ ਕੁਰਕੀ ਕਰਨ ਆਏ ਅਧਿਕਾਰੀ ਜ਼ਮੀਨ ਦੀ ਕੁਰਕੀ ਕੀਤੇ ਬਗੈਰ ਹੀ ਵਾਪਸ ਚਲੇ ਗਏ। ਇਸ ਮੌਕੇ ਹਾਜ਼ਰ ਕਿਸਾਨ ਆਗੂ ਹਰਚੰਦ ਸਿੰਘ ਘੁੱਦੂਵਾਲਾ, ਨਛੱਤਰ ਸਿੰਘ ਘੁੱਦੂਵਾਲਾ, ਕੁਲਦੀਪ ਸਿੰਘ ਚਚੋਹਰ, ਭੋਲਾ ਸਿੰਘ ਲਾਲਿਆਂਵਾਲੀ ਅਤੇ ਭਾਈ ਦਲੇਲ ਸਿੰਘ ਮੀਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਹੀ ਗ਼ਰੀਬ ਕਿਸਾਨ ਕਰਜ਼ੇ ਦੀ ਭਾਰੀ ਪੰਡ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ ਅਤੇ ਉੱਤਮ ਸਿੰਘ ਰਾਮਾਂਨੰਦੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਵੀ ਕਿਸਾਨ ਜਥੇਬੰਦੀਆਂ ਗ਼ਰੀਬ ਕਿਸਾਨਾਂ ਦੀ ਜ਼ਮੀਨ ਅਤੇ ਗ਼ਰੀਬ ਲੋਕਾਂ ਦੇ ਮਕਾਨਾਂ ਦੀਆਂ ਕਰਜ਼ਾ ਵਸੂਲੀ ਦੀ ਆੜ ਵਿਚ ਕੁਰਕੀਆਂ ਕਿਸੇ ਹਾਲਤ ਵਿੱਚ ਨਹੀਂ ਹੋਣ ਦੇਣਗੀਆਂ।