ਜਸਪ੍ਰੀਤ ਸੇਖੋਂ
ਮੰਡੀ ਲੱਖੇਵਾਲੀ, 8 ਜੁਲਾਈ
ਪਿੰਡ ਲੱਖੇਵਾਲੀ ਤੋਂ ਗੰਧੜ ਜਾਣ ਵਾਲੀ ਸੜਕ ’ਤੇ ਭਾਗਸਰ ਮਾਈਨਰ ਦਾ ਘੋਨਾ ਪੁਲ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਪਿਛਲੇ ਕੁਝ ਸਮੇਂ ਦੌਰਾਨ ਹੀ ਦੋ ਟਰੈਕਟਰ ਇਸ ਰਜਬਾਹੇ ਵਿੱਚ ਉਤਰ ਚੁੱਕੇ ਹਨ ਪਰ ਟਰਾਲੀ ਹੋਣ ਕਾਰਨ ਟਰੈਕਟਰ ਪਲਟਣ ਤੋਂ ਬਚਾਅ ਹੁੰਦਾ ਰਿਹਾ ਹੈ। ਪੁਲ ਦੀ ਢਲਾਣ ਜ਼ਿਆਦਾ ਹੋਣ ਕਾਰਨ ਦੂਸਰੇ ਪਾਸਿਓਂ ਆਉਂਦਾ ਸਾਧਨ ਵਿਖਾਈ ਨਾ ਦੇਣ ਕਾਰਨ ਆਹਮੋ-ਸਾਹਮਣੀ ਟੱਕਰ ਦਾ ਖ਼ਤਰਾ ਵੀ ਰਹਿੰਦਾ ਹੈ। ਪਿਛਲੇ ਦਿਨੀਂ ਅੱਗੋਂ ਸਾਧਨ ਆ ਜਾਣ ਕਾਰਨ ਆਪਸੀ ਬਚਾਅ ਦੀ ਕੋਸ਼ਿਸ਼ ਦੌਰਾਨ ਲੱਖੇਵਾਲੀ ਦੇ ਕਿਸਾਨ ਦਾ ਟਰੈਕਟਰ ਡੂੰਘੇ ਖੇਤ ਵਿੱਚ ਪਲਟ ਗਿਆ ਪਰ ਛਤਰੀ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਰਸਤੇ ਰਾਹੀਂ ਖੇਤਾਂ ਨੂੰ ਜਾਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਉਕਤ ਰਜਬਾਹਾ ਨਵਾਂ ਬਣਾਇਆ ਗਿਆ ਸੀ ਤਾਂ ਇਸ ਪੁਲ ਨੂੰ ਨਵਾਂ ਬਣਾਉਣ ਦੀ ਥਾਂ ਲਿਫਟ ਨਾਲ ਉੱਚਾ ਚੱਕਿਆ ਗਿਆ ਸੀ ਜਿਸ ਕਾਰਨ ਇਸ ਦੀ ਢਾਲ ਤਕਰੀਬਨ 6-7 ਫੁੱਟ ਦੇ ਕਰੀਬ ਬਣ ਗਈ। ਨੇੜਲੇ ਖੇਤਾਂ ਵਾਲੇ ਕਿਸਾਨਾਂ ਨੇ ਫ਼ਸਲ ਦੀ ਢੋਆ-ਢੁਆਈ ਦੇ ਸੀਜ਼ਨ ਵੇਲੇ ਢਲਾਣ ਘੱਟ ਕਰਨ ਲਈ 70 ਟਰਾਲੀਆਂ ਮਿੱਟੀ ਪਾ ਕੇ ਰਸਤਾ ਕੁਝ ਸੁਖਾਲਾ ਕੀਤਾ ਸੀ। ਅਕਾਲੀ ਆਗੂ ਗੁਰਸ਼ਮਿੰਦਰ ਸਿੰਘ ਟੋਨਾ ਲੱਖੇਵਾਲੀ, ਮਿੱਕਾ ਬਰਾੜ, ਹਰਿੰਦਰਜੀਤ ਸਿੰਘ ਬਰਾੜ ਤੇ ਅਰਿੰਦਰ ਬਰਾੜ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹ ਪੁਲ ਨਵਾਂ ਬਣਾਇਆ ਜਾਵੇ।