ਪੱਤਰ ਪ੍ਰੇਰਕ
ਟੱਲੇਵਾਲ, 18 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਪਿੰਡ ਚੀਮਾ ਵਿੱਚ ਇੱਕ ਪੈਟਰੋਲ ਪੰਪ ‘ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਹਰਚਰਨ ਸੁਖਪੁਰਾ, ਭੋਲਾ ਸਿੰਘ ਛੰਨਾ, ਕੁਲਵੰਤ ਭਦੌੜ ਅਤੇ ਬਲਵੰਤ ਚੀਮਾ ਨੇ ਦੱਸਿਆ ਕਿ ਪਿੰਡ ਢਿੱਲਵਾਂ ਦੇ ਕਿਸਾਨਾਂ ਨੇ ਤੂੜੀ ਤਪਾ ਦੀ ਇੱਕ ਮਿੱਲ ਵਿਚ ਵੇਚੀ ਸੀ, ਜਿਸ ਦਾ ਮਾਲਕ ਇਸ ਪੰਪ ਦਾ ਮਾਲਕ ਹੀ ਹੈ। ਕਿਸਾਨਾਂ ਵਲੋਂ ਤੂੜੀ 2012 ਤੋਂ ਲੈ ਕੇ ਕੇ 2016 ਤੱਕ ਵੇਚੀ ਗਈ ਸੀ, ਉਸ ਸਮੇਂ ਤੋਂ ਹੀ ਮਿੱਲ ਮਾਲਕ ਪੈਣ ਦੇ ਬਾਰੇ ਲਾਰੇ ਲੱਪੇ ਲਾ ਰਿਹਾ ਸੀ। ਇਸ ਦੇ ਹੱਲ ਲਈ 2 ਸਾਲ ਪਹਿਲਾਂ ਵੀ ਜਥੇਬੰਦੀ ਨੇ ਪੈਟਰੋਲ ਪੰਪ ‘ਤੇ ਧਰਨਾ ਲਾਇਆ ਸੀ। ਉਸ ਸਮੇਂ ਇਸ ਦੇ ਮਾਲਕ ਨੇ ਪੈਸੇ ਦੇਣ ਦੀ ਹਾਮੀ ਭਰੀ ਸੀ, ਪਰ ਮੁੱਕਰ ਗਿਆ। ਅੱਜ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਮਿੱਲ ਮਾਲਕ ਦੇ ਪੰਪ ‘ਤੇ ਮੁੜ ਧਰਨਾ ਲਾਉਣਾ ਪਿਆ ਹੈ। ਉਨ੍ਹਾਂ ਪੀੜਤ ਕਿਸਾਨਾਂ ਨੂੰ ਵਿਆਜ ਸਮੇਤ ਬਣਦੀ ਰਾਸ਼ੀ ਦੇਣ ਦੀ ਮੰਗ ਕੀਤੀ ਹੈ।
ਇਸ ਮੌਕੇ ਪਰਮਿੰਦਰ ਸਿੰਘ ਹੰਡਿਆਇਆ, ਭਿੰਦਾ ਢਿੱਲਵਾਂ, ਰਾਮ ਸ਼ਹਿਣਾ, ਹਰਬੰਸ ਭਦੌੜ, ਪਰਮਜੀਤ ਕੌਰ ਠੀਕਰੀਵਾਲਾ, ਸ਼ੀਰਾ ਸ਼ਹਿਣਾ, ਕਮਲ ਅਲਕੜਾ, ਗੁਰਮੇਲ ਸ਼ਰਮਾ, ਬਾਬੂ ਸਿੰਘ ਖੁੱਡੀ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਉੱਥੇ ਸ਼ਾਮ ਸਮੇਂ ਪੰਪ ਮਾਲਕ ਅਤੇ ਜਥੇਬੰਦੀ ਆਗੂਆਂ ਦਰਮਿਆਨ ਕਿਸਾਨਾਂ ਦੇ ਰਹਿੰਦੇ ਪੈਸੇ ਬੁੱਧਵਾਰ ਨੂੰ ਦੇਣ ਦੀ ਸਹਿਮਤੀ ‘ਤੇ ਸਵੇਰੇ 10 ਵਜੇ ਤੋਂ ਲੱਗਿਆ ਧਰਨਾ ਸ਼ਾਮ ਪੰਜੇ ਵਜੇ ਮਗਰੋਂ ਚੁੱਕਿਆ ਗਿਆ।