ਜਸਵੰਤ ਜੱਸ
ਫ਼ਰੀਦਕੋਟ, 9 ਸਤੰਬਰ
ਪੋਸਟ ਗਰੈਜੂਏਟ ਜੌਗਰਫ਼ੀ ਟੀਚਰਜ਼ ਯੂਨੀਅਨ ਨੇ ਸਰਕਾਰ ਤੇ ਵਿਭਾਗ ਵੱਲੋਂ ਜੌਗਰਫੀ ਵਿਸ਼ੇ ’ਤੇ ਲੈਕਚਰਾਰਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਖ਼ਿਲਾਫ਼ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਲੈਕਚਰਾਰਾਂ ਦੀਆਂ ਕੁੱਲ ਮਨਜ਼ੂਰਸ਼ੁਦਾ 13252 ਆਸਾਮੀਆਂ ਵਿੱਚੋਂ ਜੌਗਰਫ਼ੀ ਵਿਸ਼ੇ ਦੀਆਂ ਕੇਵਲ 357 ਆਸਾਮੀਆਂ ਦਾ ਹੋਣਾ, ਮਨਜ਼ੂਰਸ਼ੁਦਾ ਤੇ ਖਾਲੀ ਪਈਆਂ 180 ਆਸਾਮੀਆਂ ਨੂੰ ਈ-ਪੰਜਾਬ ਪੋਰਟਲ ਤੇ ਸਕੂਲ ਲਾਗ ਇਨ ਆਈਡੀ ਵਿੱਚ ਨਾ ਦਰਸਾਉਣ, ਵਿਸ਼ੇ ਦੇ ਮਾਸਟਰ ਕੇਡਰ ਦੀਆਂ ਬਤੌਰ ਲੈਕਚਰਾਰ ਤਰੱਕੀਆਂ ਨਾ ਕਰਨ ਅਤੇ ਸਕੂਲਾਂ ਵਿੱਚ ਜੌਗਰਫ਼ੀ ਲੈਬਾਂ ਸਥਾਪਿਤ ਨਾ ਕਰਕੇ ਸਰਕਾਰ ਵੱਲੋਂ ਜੌਗਰਫੀ ਵਿਸ਼ੇ ਨੂੰ ਖਤਮ ਕਰਨ ਦੀ ਮਨਸ਼ਾ ਦਰਸਾਉਂਦੀ ਹੈ। ਜਥੇਬੰਦੀ ਦੇ ਮੀਤ ਪ੍ਰਧਾਨ ਨਰੇਸ਼ ਸਲੂਜਾ ਸ੍ਰੀ ਮੁਕਤਸਰ ਸਾਹਿਬ ਅਤੇ ਸਕੱਤਰ ਸਮਸ਼ੇਰ ਸਿੰਘ ਸ਼ੈਰੀ ਫ਼ਰੀਦਕੋਟ ਨੇ ਦੱਸਿਆ ਕਿ ਇਹ ਵਿਸ਼ਾ ਪੜ੍ਹ ਕੇ ਨੌਜਵਾਨ ਵਰਗ ਮੁਕਾਬਲੇ ਦੀਆਂ ਪ੍ਰੀਖ਼ਿਆਵਾਂ ਵਿੱਚੋਂ ਆਸਾਨੀ ਨਾਲ ਸਫ਼ਲਤਾ ਹਾਸਲ ਕਰ ਸਕਦੇ ਹਨ। ਲੈਕਚਰਾਰ ਚਮਕੌਰ ਸਿੰਘ, ਸ਼ੰਕਰ ਲਾਲ, ਪਰਮਜੀਤ ਕੌਰ, ਜਤਿੰਦਰ ਸਿੰਘ ਅਤੇ ਭੁਪਿੰਦਰ ਕੌਰ ਨੇ ਮੰਗ ਕੀਤੀ ਕਿ 300 ਤੋਂ ਵੱਧ ਵਿਦਿਆਰਥੀਆਂ ਵਾਲੇ ਸੈਕੰਡਰੀ ਸਕੂਲਾਂ ਵਿੱਚ ਲੈਕਚਰਾਰ ਜੌਗਰਫ਼ੀ ਦੀ ਆਸਾਮੀ ਮਨਜ਼ੂਰ ਕੀਤੀ ਜਾਵੇ, ਲੈਕਚਰਾਰਾਂ ਦੇ ਪਦਉੱਨਤੀ ਦੀ ਸੂਚੀ ਜਾਰੀ ਕੀਤੀ ਜਾਵੇ, ਸਮਾਰਟ ਸਕੂਲਾਂ ਵਿੱਚ ਜੌਗਰਫ਼ੀ ਲੈਬਾਂ ਸਥਾਪਿਤ ਕੀਤੀਆਂ ਜਾਣ, ਲੈਕਚਰਾਰਾਂ ਦੀਆਂ ਮਨਜ਼ੂਰ ਆਸਾਮੀਆਂ ਨੂੰ ਈ-ਪੰਜਾਬ ਪੋਰਟਲ ਤੇ ਸਕੂਲ ਲਾੱਗਇਨ ਆਈ.ਡੀ. ਵਿੱਚ ਦਰਸਾਇਆ ਜਾਵੇ।
ਕਾਲਜ ਆਫਲਾਈਨ ਸ਼ੁਰੂ ਕਰਾਉਣ ਖ਼ਿਲਾਫ਼ ਮੁਜ਼ਾਹਰਾ
ਫਾਜ਼ਿਲਕਾ (ਪਰਮਜੀਤ ਸਿੰਘ): ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਮਆਰ ਸਰਕਾਰੀ ਕਾਲਜ ਫਾਜ਼ਿਲਕਾ ਵਿੱਚ ਪ੍ਰੋਫ਼ੈਸਰਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਕਾਲਜ ਆਫਲਾਈਨ ਸ਼ੁਰੂ ਕਰਾਉਣ ਦੀ ਮੰਗ ਸਬੰਧੀ ਫਾਜ਼ਿਲਕਾ ਸ਼ਹਿਰ ਵਿੱਚ ਮੁਜ਼ਾਹਰਾ ਕਰ ਕੇ ਡੀਸੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਏਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ , ਜਸਪ੍ਰੀਤ ਸਿੰਘ ਅਤੇ ਪ੍ਰਵੀਨ ਕੌਰ ਨੇ ਦੱਸਿਆ ਕਿ ਕਾਲਜਾਂ ਨੂੰ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਦੇ ਸਿਰ ’ਤੇ ਚਲਾਇਆ ਜਾ ਰਿਹਾ ਹੈ ਜਿੰਨਾ ਨੂੰ ਤਣਖਾਹ ਦਾ ਬਹੁਤਾ ਹਿੱਸਾ ਵਿਦਿਆਰਥੀਆਂ ਤੋਂ ਇਕੱਠੇ ਕੀਤੇ ਪੀਟੀਏ ਫੰਡ ਵਿੱਚੋਂ ਦਿੱਤਾ ਜਾਂਦਾ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਨੀ , ਨੇਹਾ , ਮਮਤਾ ਅਤੇ ਅਨੁਪਮਾ ਨੇ ਕਿਹਾ ਕਿ ਅੱਜ ਜਦੋਂ ਸਿਨੇਮੇ , ਪਾਰਕ , ਬੱਸਾਂ , ਟ੍ਰੇਨਾਂ , ਮਾਲ- ਸ਼ੋ ਰੂਮ , ਚੋਣ ਰੈਲੀਆਂ ਅਤੇ ਇੱਥੋਂ ਤੱਕ ਕਿ ਆਈਲੈਟਸ ਸੈਂਟਰ ਅਤੇ ਸਕੂਲ ਵੀ ਖੁੱਲ੍ਹ ਚੁੱਕੇ ਹਨ ਤਾਂ ਫਿਰ ਕਾਲਜ ਕਿਉਂ ਨਹੀਂ ਖੋਲ੍ਹੇ ਗਏ।