ਪੱਤਰ ਪ੍ਰੇਰਕ
ਮਾਨਸਾ, 3 ਮਈ
ਮਾਲਵਾ ਖੇਤਰ ਵਿੱਚ ਅਪਰੈਲ ਮਹੀਨੇ ਅਸਮਾਨ ਤੋਂ ਅੱਗ ਵਰ੍ਹਦੀ ਰਹਿਣ ਤੋਂ ਬਾਅਦ ਹੁਣ ਮਈ ਮਹੀਨੇ ਦੇ ਮੁੱਢਲੇ ਦਿਨਾਂ ਦੌਰਾਨ ਗਰਮੀ ਦੇ ਵਿੱਚ ਨਰਮੀ ਆਉਣ ਲੱਗੀ ਹੈ। ਅੱਜ ਪਹਿਲੀ ਵਾਰ ਇਸ ਖੇਤਰ ਵਿੱਚ 39 ਡਿਗਰੀ ਦੇ ਆਸ-ਪਾਸ ਤਾਪਮਾਨ ਰਹਿਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਦੋਂ ਕਿ ਅਪਰੈਲ ਮਹੀਨੇ ਅਖਰੀਲੇ ਦਿਨਾਂ ਦੌਰਾਨ ਇਹੋ ਤਾਪਮਾਨ 45 ਡਿਗਰੀ ਦੇ ਨੇੜੇ-ਤੇੜੇ ਰਿਹਾ ਹੈ। ਅੱਜ ਚੱਲੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਕਾਫ਼ੀ ਹੱਦ ਤੱਕ ਗਰਮੀ ਤੋਂ ਰਾਹਤ ਦਿਵਾਈ ਰੱਖੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਤਾਪਮਾਨ 39-40 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ 22 ਡਿਗਰੀ ਪਾਰਾ ਰਹਿਣ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ। ਵੱਧਦੀ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਅਗਲੇ ਦੋ-ਤਿੰਨ ਦਿਨਾਂ ਦੌਰਾਨ ਹੋਰ ਵੱਡੀ ਰਾਹਤ ਮਿਲਣ ਦੀਆਂ ਸੰਭਾਵਨਾਵਾਂ ਹਨ। ਪੰਜਾਬ ਵਿੱਚ ਆਉਣ ਵਾਲੇ 48 ਘੰਟਿਆਂ ਦੌਰਾਨ ਬਹੁਤੇ ਖੇਤਰਾਂ ਵਿੱਚ ਬੱਦਲਾਂ ਦੇ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਅਨੇਕਾਂ ਥਾਵਾਂ ’ਤੇ ਤੇਜ਼ ਹਨੇਰੀਆਂ ਅਤੇ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੱਲ੍ਹ ਦੁਪਹਿਰ ਤੱਕ ਰਾਜ ਵਿੱਚ ਕਈ ਥਾਵਾਂ ’ਤੇ ਹਲਕੀਆਂ-ਫੁਲਕੀਆਂ ਕਣੀਆਂ ਪੈ ਸਕਦੀਆਂ ਹਨ ਅਤੇ ਸੰਘਣੀ ਬੱਦਲਬਾਈ ਕਾਰਨ ਦਿਨ ਵੇਲੇ ਦੇ ਪਾਰਾ ’ਚ ਹੋਰ ਵੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਬਹੁਤੀਆਂ ਥਾਵਾਂ ’ਤੇ ਹਨੇਰੀਆਂ ਦੀ ਰਫ਼ਤਾਰ 80-90 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।
ਮੌਸਮ ਵਿੱਚ ਆਈ ਇਸ ਅਚਾਨਕ ਤਬਦੀਲੀ ਕਾਰਨ ਬੇਹੱਦ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਅੱਜ ਰਾਹਤ ਮਿਲੀ ਹੈ, ਜਦੋਂ ਕਿ ਮੌਸਮ ਮਹਿਕਮੇ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਆਸ ਵੀ ਪ੍ਰਗਟ ਕੀਤੀ ਗਈ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਰਮੇ ਦੀ ਬਿਜਾਈ ਨੂੰ ਮੌਸਮ ਵਿਭਾਗ ਦੀਆਂ ਰਿਪੋਰਟਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨ। ਉਨ੍ਹਾਂ ਕਿਹਾ ਕਿ 4 ਮਈ ਨੂੰ ਕਈ ਥਾਵਾਂ ’ਤੇ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ*ਕੱਲ੍ਹ ਕਈ ਵਾਰ ਜ਼ਿਆਦਾ ਮੀਂਹ ਪੈਣ ਨਾਲ ਨਰਮੇ ਵੀ ਕਰੰਡ ਹੋ ਜਾਂਦੇ ਹਨ।