ਜਗਤਾਰ ਅਣਜਾਣ
ਮੌੜ ਮੰਡੀ, 7 ਅਕਤੂਬਰ
ਗ੍ਰਾਮ ਸਭਾ ਮਾਣਕ ਖਾਨਾ ਦੇ ਆਮ ਇਜਲਾਸ ’ਚ ਗੰਦੇ ਪਾਣੀ ਦੇ ਨਿਕਾਸੀ ਦੇ ਪ੍ਰਬੰਧਾਂ ਤੋਂ ਛੁਟਕਾਰਾ ਦਿਵਾਉਣ ਦੇ ਮਕਸਦ ਨਾਲ ਮਿੰਨੀ ਸੀਵਰੇਜ ਪਾਉਣ ਦਾ ਸੰਕਲਪ ਤੇ ਰੁਜ਼ਗਾਰ ਲਈ ਔਰਤਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਬੇਕਰੀ ਦਾ ਕੰਮ ਦੇਣ ਦਾ ਮਤਾ ਕੀਤਾ ਗਿਆ।
ਚੇਅਰਪਰਸਨ ਸੈਸਨਦੀਪ ਕੌਰ ਸਿੱਧੂ ਨੇ ਆਮ ਇਜਲਾਸ ਦੀ ਪ੍ਰਧਾਨਗੀ ਕੀਤੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਆਬਾਦੀ ਪੱਖੋਂ ਛੋਟੇ ਪਿੰਡ ਦੇ ਗ੍ਰਾਮ ਸਭਾ ਮੈਂਬਰਾਂ ਨੇ ਵੱਡੇ ਫ਼ੈਸਲਿਆਂ ਨੂੰ ਪ੍ਰਵਾਨਗੀ ਦੇ ਕੇ ਮਤੇ ਪਾਸ ਕੀਤੇ ਹਨ।
ਸਰਪੰਚ ਸੈਸਨਦੀਪ ਕੌਰ ਸਰਪੰਚ ਨੇ ਪਿੰਡ ਮਾਣਕ ਖਾਨਾ ਨੂੰ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਕਰਨ ਅਤੇ ਕੂੜੇ ਕਰਕਟ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਉਣ ਵਾਲਾ ਸੁਪਨਾ ਪੂਰਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਮੌਕੇ ਬਲਾਕ ਕੋਆਡੀਨੇਟਰ ਅਮਨਦੀਪ ਕੌਰ ਨੇ ਆਜੀਵਿਕ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪ ਬਣਾਉਣ ਬਾਰੇ ਜਾਣੂ ਕਰਵਾਇਆ।
ਆਮ ਇਜਲਾਸ ਵਿੱਚ ਕਿਸਾਨਾਂ ਦੀਆ ਮੁਸ਼ਕਲਾਂ ’ਤੇ ਵਿਚਾਰ ਚਰਚਾ ਤੋਂ ਇਲਾਵਾ ਗ੍ਰਾਮ ਸਭਾ ਦੇ ਮੈਂਬਰਾਂ ਨੇ ਗਲੀਆਂ ਵਿੱਚ ਮਿੰਨੀ ਸੀਵਰੇਜ ਪਾਉਣ, ਜਨਤਕ ਪਖਾਨੇ ਬਨਾਉਣ, ਸਕੂਲ ਦੀ ਇਮਾਰਤ ਦੇ ਨਿਰਮਾਣ, ਲਾਇਬ੍ਰੇਰੀ, ਖੇਡ ਮੈਦਾਨ, ਖੂਹ ਦਾ ਨਵੀਨੀਕਰਨ, ਪਾਰਕ, ਜਰਨਲ ਤੇ ਅਨੁਸੂਚਿਤ ਜਾਤੀ ਧਰਮਸ਼ਾਲਾ ਦੀ ਮੁਰੰਮਤ, ਪੌਦੇ ਲਗਾਉਣ, ਢਾਣੀਆ ਦੇ ਰਸਤੇ ਪੱਕੇ ਕਰਨ, ਛੱਪੜ ਦੇ ਪਾਣੀ ਦੇ ਨਿਕਾਸੀ, ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਦੀ ਚੋਣ ਕਰਲ ਅਤੇ ਕੱਟੇ ਗਏ ਆਟਾ ਦਾਲ ਦੇ ਕਾਰਡ ਦੁਬਾਰਾ ਬਣਵਾਉਣ ਦੇ ਮਤੇ ਸਰਬਸੰਮਤੀ ਨਾ ਪਾਸ ਕੀਤੇ ਗਏ।
ਇਜਲਾਸ ਵਿੱਚ ਸੈਸਨਦੀਪ ਕੌਰ ਨੇ ਗ੍ਰਾਮ ਸਭਾ ਦੇ ਮੈਬਰਾਂ ਨੂੰ ਮਤੇ ਪੜ੍ਹਕੇ ਸੁਣਾਏ ਤੇ ਸਭਾ ਦੇ ਮੈਬਰਾਂ ਨੇ ਮਤਿਆ ਨੂੰ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਮਾਸਟਰ ਜਗਸੀਰ ਸਿੰਘ ਢੱਡੇ ਨੇ ਕਵਿਤਾਵਾਂ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਸੁਣਾਏ। ਕਿਸਾਨ ਆਗੂ ਕਲਕੱਤਾ ਸਿੰਘ ਨੇ ਕਿਸਾਨੀ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ।