ਪਰਮਜੀਤ ਸਿੰਘ
ਫਾਜ਼ਿਲਕਾ, 26 ਅਪਰੈਲ
ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੱਟੀ ਡਿੱਪੂ ਦੇ ਮੁਲਾਜ਼ਮਾਂ ਦੀਆਂ ਟਰਾਂਸਪੋਰਟ ਮੰਤਰੀ ਵੱਲੋਂ ਦੂਰ ਦੁਰਾਡੇ ਕੀਤੀਆਂ ਬਦਲੀਆਂ ਦੀ ਨਿਖੇਧੀ ਕੀਤੀ ਗਈ। ਯੂਨੀਅਨ ਪ੍ਰਧਾਨ ਮਨਪ੍ਰੀਤ ਸਿੰਘ ਨੇ ਸਬ ਡਿੱਪੂ ਫਾਜ਼ਿਲਕਾ ਵਿੱਚ ਕੀਤੀ ਗੇਟ ਰੈਲੀ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ ਲੋਕਤੰਤਰੀ ਦੇਸ਼ ’ਚ ਲੋਕਤੰਤਰ ਦੇ ਨਾਂ ’ਤੇ ਚੁਣੀਆਂ ਹੋਈਆਂ ਸਰਕਾਰਾਂ ਅੱਜ ਦੇ ਸਮੇਂ ਵੀ ਲੋਕਾਂ ਦੀ ਆਵਾਜ਼ ਨੂੰ ਜਬਰੀ ਤੌਰ ’ਤੇ ਦਬਾਉਣ ਤੋਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਨ, ਜਿਸ ਦਾ ਨਮੂਨਾ ਪੱਟੀ ਡਿੱਪੂ ’ਚ ਕਰਮਚਾਰੀਆਂ ਦੇ ਹੱਕਾਂ ’ਤੇ ਮੰਗਾਂ ਲਈ ਆਵਾਜ਼ ਉਠਾਉਣ ਵਾਲੇ ਜਥੇਬੰਦੀ ਦੇ ਆਗੂਆਂ ਦੀਆਂ ਬਦਲੀਆਂ ਮੈਨੇਜਮੈਂਟ ਦੇ ਕਹਿਣ ’ਤੇ ਟਰਾਂਸਪੋਰਟ ਮੰਤਰੀ ਵੱਲੋਂ ਕਰਮਚਾਰੀਆਂ ਦੇ ਘਰਾਂ ਤੋਂ 300 ਕਿਲੋਮੀਟਰ ਦੂਰ ਕਰਨ ਦੇ ਹੁਕਮ ਜਾਰੀ ਕਰ ਕੇ ਵਿਖਾ ਦਿੱਤਾ ਗਿਆ ਹੈ।
ਇਸ ਮੌਕੇ ਰਵਿੰਦਰ ਸਿੰਘ ਰਿੰਕੂ, ਗੁਰਬਖਸ਼ ਲਾਲ ਤੇ ਪ੍ਰਿਤਪਾਲ ਸਿੰਘ ਗਿੱਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੱਟੀ ਡਿੱਪੂ ਦੇ ਕਰਮਚਾਰੀਆਂ ਦੀਆਂ ਬਦਲੀਆਂ ਤੁਰੰਤ ਰੱਦ ਨਾ ਕੀਤੀਆਂ ਗਈਆਂ ਤਾਂ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਮੁਕੰਮਲ ਚੱਕਾ ਜਾਮ ਤੇ ਪੰਜਾਬ ਦੇ ਬੱਸ ਸਟੈਂਡ ਤੇ ਡਿੱਪੂ ਬੰਦ ਕਰ ਕੇ ਕੀਤਾ ਜਾਵੇਗਾ ਅਤੇ ਟਰਾਂਸਪੋਰਟ ਮੰਤਰੀ ਅਤੇ ਮੈਨੇਜਮੈਂਟ ਖਿਲਾਫ਼ ਤਿੱਖੇ ਸੰਘਰਸ਼ ਕੀਤੇ ਜਾਣਗੇ।