ਪੱਤਰ ਪ੍ਰੇਰਕ
ਮਾਨਸਾ, 22 ਦਸੰਬਰ
ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੀ ਮਾਨਸਾ ਜ਼ਿਲ੍ਹਾ ਇਕਾਈ ਵੱਲੋਂ ਸਿਹਤ ਬਲਾਕ ਖਿਆਲਾ ਕਲਾਂ ਦੇ ਅਧੀਨ ਸਿਹਤ ਕੇਂਦਰਾਂ ਵਿੱਚ ਤਾਇਨਾਤ ਕਰਮਚਾਰੀਆਂ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਵਿੱਚ ਪੀਸੀਐੱਮਐੱਸ ਐਸੋਸੀਏਸ਼ਨ, ਮੈਡੀਕਲ ਲੈਬਰੋਟਰੀ ਟੈਕਨੀਸ਼ੀਅਨ, ਮਲਟੀਪਰਪਜ਼ ਹੈਲਥ ਐਪਲਾਈਜ਼ ਯੂਨੀਅਨ ਪੰਜਾਬ, ਪੰਜਾਬ ਰਾਜ ਫਾਰਮੇਸੀ ਅਫਸਰ ਐਸ਼ੋਸ਼ੀਏਸ਼ਨ, ਸਟੇਟ ਮਾਸ ਮੀਡੀਆ ਐਸੋਸੀਏਸ਼ਨ, ਐੱਨਐੱਚਐੱਮ ਦੇ ਅਹੁਦੇਦਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਭਲਕੇ 23 ਦਸੰਬਰ ਨੂੰ ਸਿਹਤ ਸੰਸਥਾਵਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡਕੇ ਬਾਕੀ ਸਾਰੇ ਕੰਮਾਂ ਦਾ ਬਕਾਇਦਾ ਬਾਈਕਾਟ ਕੀਤਾ ਜਾਵੇਗਾ।
ਕਮੇਟੀ ਦੇ ਆਗੂ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਵਾਲੀ ਤਾਂ ਕੋਈ ਮੰਗ ਨਹੀਂ ਪੂਰੀ ਕੀਤੀ, ਉਲਟਾ ਸਿਹਤ ਵਿਭਾਗ ਦੀਆਂ ਬਹੁਤੀਆਂ ਕੈਟਾਗਰੀਆਂ ਦੇ ਭੱਤਿਆਂ ’ਤੇ ਲਕੀਰ ਫੇਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਦੇ ਰੋਸ ਵਜੋਂ ਸਿਹਤ ਸੰਸਥਾਵਾਂ ਵਿੱਚ ਦੋ ਘੰਟੇ ਕੰਮ ਠੱਪ ਕਰਕੇ ਗੇਟ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਭਲਕੇ 23 ਦਸੰਬਰ ਨੂੰ ਸਿਹਤ ਸੰਸਥਾਵਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡਕੇ ਬਾਕੀ ਸਾਰੇ ਕੰਮ ਦਾ ਬਾਈਕਾਟ ਕੀਤਾ ਜਾਵੇਗਾ।