ਰੋਹਿਤ ਗੋਇਲ
ਪੱਖੋ ਕੈਂਚੀਆਂ, 2 ਅਕਤੂਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਭੱਜਣ ਵਾਲੇ ਗੈਂਗਸਟਰ ਹੋਣ ਜਾਂ ਉਸਦੇ ਭਜਾਉਣ ਵਿੱਚ ਜਿਸ ਵੀ ਅਧਿਕਾਰੀ ਦਾ ਹੱਥ ਹੈ ਉਸ ਉਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਤੌਰ ਸਪੀਕਰ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਪਰ ਫਿਰ ਵੀ ਇਸ ਮਾਮਲੇ ਵਿੱਚ ਜਿਸ ਵੀ ਕਿਸੇ ਦੀ ਅਣਗਹਿਲੀ ਹੈ ਉਸ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗੈਂਗਸਟਰ ਨੂੰ ਦੁਬਾਰਾ ਕਾਬੂ ਕੀਤਾ ਜਾਵੇ। ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਦੇ ਮਾਮਲੇ ਵਿੱਚ ਸਖ਼ਤ ਹੈ। ਕਾਨੂੰਨ ਤੋੜ ਕੇ ਭੱਜਣ ਵਾਲੇ ਕਿਸੇ ਵੀ ਗੈਂਗਸਟਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਹਲਕੇ ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤੇ ਮਾਨਸਾ ਪੁਲੀਸ ਨਾਲ ਇਸ ਸਬੰਧੀ ਗੱਲਬਾਤ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।