ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 28 ਨਵੰਬਰ
ਸ਼ਹਿਰ ‘ਚ ਇੱਕ ਨਾਬਾਲਗ ਲੜਕੀ ਨਾਲ ਗੈਂਗ ਰੇਪ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੰਦਬੁੱਧੀ ਲੜਕੀ ਨਾਲ ਹੋਏ ਜਬਰ ਜਨਾਹ ਦੀ ਘਟਨਾ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਇਸ ਦੂਜੀ ਘਟਨਾ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਟਕਪੂਰਾ ਸਿਟੀ ਪੁਲੀਸ ਨੇ ਇਸ ਗੈਂਗ ਰੇਪ ਦੀ ਘਟਨਾ ‘ਚ ਅਕਾਸ਼ ਨਾਂ ਦੇ ਮੁਲਜ਼ਮ ਸਮੇਤ ਉਸ ਦੇ ਦੋ ਹੋਰ ਸਾਥੀਆਂ ਵਿਰੁੱਧ ਆਈਪੀਸੀ 367ਡੀ, 376-ਏ ਬੀ ਸਮੇਤ ਪੋਸਕੋ ਐਕਟ 5/6 ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਐਸ.ਆਈ. ਗੁਰਮੇਲ ਕੌਰ ਮੁਤਾਬਕ ਲੜਕੀ ਲੰਘੀ 27 ਨਵੰਬਰ ਨੂੰ ਆਪਣੇ ਘਰੋਂ ਸਕੂਲ ਪੜ੍ਹਨ ਲਈ ਗਈ ਸੀ ਕਿ ਰਸਤੇ ਵਿੱਚ ਮੁਲਜ਼ਮ ਅਕਾਸ਼ ਉਸ ਨੂੰ ਝੂਠ ਬੋਲ ਕੇ ਆਪਣੀ ਸਕੂਟਰੀ ’ਤੇ ਅਣਜਾਣ ਥਾਂ ‘ਤੇ ਲੈ ਗਿਆ ਜਿਥੇ ਉਸ ਦੇ ਦੋ ਦੋਸਤ ਮੌਜੂਦ ਸੀ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਉਸ ਨੂੰ ਪਾਣੀ ਵਿਚ ਬੇਹੋਸ਼ੀ ਦੀ ਦਵਾਈ ਪਿਆ ਕੇ ਉਸ ਨਾਲ ਜਬਰ ਜਨਾਹ ਕੀਤਾ। ਮਗਰੋਂ ਉਸ ਨੂੰ ਦੇਵੀਵਾਲਾ ਰੋਡ ‘ਤੇ ਸੁੱਟ ਕੇ ਭੱਜ ਗਏ। ਪਰਿਵਾਰ ਨੂੰ ਪਤਾ ਲੱਗਣ ’ਤੇ ਲੜਕੀ ਨੂੰ ਪਰਿਵਾਰ ਵਾਲੇ ਸੜਕ ਤੋਂ ਚੁੱਕ ਕੇ ਘਰ ਲਿਆਏ। ਕਾਫੀ ਸਮੇਂ ਤੱਕ ਹੋਸ਼ ਨਾ ਆਉਣ ’ਤੇ ਲੜਕੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦਾ ਮੈਡੀਕਲ ਕਰਨ ’ਤੇ ਪਤਾ ਲੱਗਿਆ ਉਸ ਨਾਲ ਬਲਾਤਕਾਰ ਹੋਇਆ ਹੈ। ਲੜਕੀ ਦੀ ਉਮਰ ਕਰੀਬ 14 ਸਾਲ ਦੱਸੀ ਜਾ ਰਹੀ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਮੋਟਰਸਾਈਕਲ ’ਤੇ ਲਿਫ਼ਟ ਦੇਣ ਦੇ ਬਹਾਨੇ ਜਬਰ-ਜਨਾਹ ਦੀ ਕੋਸ਼ਿਸ਼
ਏਲਨਾਬਾਦ (ਪੱਤਰ ਪ੍ਰੇਰਕ): ਰਾਣੀਆ ਨਿਵਾਸੀ ਇੱਕ ਮਹਿਲਾ ਨੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਦੀ ਸ਼ਿਕਾਇਤ ਪੁਲੀਸ ਥਾਣੇ ਵਿੱਚ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਕਤ ਮਹਿਲਾ ਨੇ ਦੱਸਿਆ ਕਿ ਦੇਰ ਸ਼ਾਮ ਉਹ ਏਲਨਾਬਾਦ ਜਾਣ ਲਈ ਬੁੱਢੀਮਾੜੀ ਬੱਸ ਸਟੈਂਡ ’ਤੇ ਖੜ੍ਹੀ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਨੇ ਉਸ ਨੂੰ ਏਲਨਾਬਾਦ ਤੱਕ ਲਿਜਾਣ ਲਈ ਮੋਟਰਸਾਈਕਲ ਉਸ ਕੋਲ ਰੋਕਿਆ। ਉਹ ਉਸ ਵਿਅਕਤੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਏਲਨਾਬਾਦ ਆ ਰਹੀ ਸੀ ਤਾਂ ਸ਼ਹਿਰ ਤੋਂ ਕਰੀਬ ਦੋ ਕਿਲੋਮੀਟਰ ਬਾਹਰ ਉਕਤ ਵਿਅਕਤੀ ਨੇ ਮੋਟਰਸਾਈਕਲ ਰੋਕ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ ਕੀਤੀ। ਉਸ ਵਲੋਂ ਰੌਲਾ ਪਾਏ ਜਾਣ ’ਤੇ ਉਕਤ ਵਿਅਕਤੀ ਆਪਣਾ ਮੋਟਰਸਾਈਕਲ ਘਟਨਾ ਸਥਾਨ ’ਤੇ ਛੱਡ ਕੇ ਫਰਾਰ ਹੋ ਗਿਆ। ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।