ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਫਰਵਰੀ
ਨਗਰ ਕੌਂਸਲ ਵੋਟਾਂ ਤੋਂ ਪਹਿਲੀ ਰਾਤ 13 ਫਰਵਰੀ ਨੂੰ ਆਪਣੇ ਵਿਰੋਧੀ ਉਮੀਦਵਾਰ ਦੇ ਹਮਲੇ ’ਚ ਗੰਭੀਰ ਜ਼ਖਮੀ ਹੋਏ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਸੁਰਤ ਵਿੱਚ ਆਉਣ ਤੋਂ ਬਾਅਦ ਹਸਪਤਾਲ ਦੇ ਬੈੱਡ ਤੋਂ ਹੀ ਪਹਿਲਾ ਸੁਨੇਹਾ ਹਿੰਸਾ ਨੂੰ ਖਤਮ ਕਰਨ ਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਹੋਏ ਹਮਲੇ ਵਿੱਚ ਉਹ ਕਿਸੇ ਵੀ ਵਿਅਕਤੀ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੇ ਕਿਉਂਕਿ ਇਸ ਨਾਲ ਦੁਸ਼ਮਣੀ ਵੱਧਦੀ ਹੈ ਜੋ ਕਿ ਸਮਾਜ ਲਈ ਘਾਤਕ ਹੈ। ਸ੍ਰੀ ਯਾਦੂ ਨੇ ਕਿਹਾ ਕਿ ਉਹ ਭਾਵੇਂ ਅਜੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋਏ ਪਰ ਉਨ੍ਹਾਂ ਆਪਣੀ ਜ਼ਮੀਰ ਦੀ ਆਵਾਜ਼ ’ਤੇ ਇਹ ਫੈਸਲਾ ਲਿਆ ਹੈ ਕਿ ਉਨ੍ਹਾਂ ਨਾਲ ਜੋ ਹਿੰਸਾ ਹੋਈ ਹੈ ਉਸ ਨਾਲ ਕਿਸੇ ਹੋਰ ਨੌਜਵਾਨ ਦਾ ਭਵਿੱਖ ਬਰਬਾਦ ਨਾ ਹੋਵੇ। ਦੱਸਣਯੋਗ ਹੈ ਕਿ ਸ੍ਰੀ ਯਾਦੂ ਉਪਰ ਹਮਲਾ ਕਰਨ ਦੇ ਦੋਸ਼ ਵਿੱਚ ਅਕਾਲੀ ਉਮੀਦਵਾਰ ਹਰਮਨਜੀਤ ਸਿੰਘ, ਉਸ ਦੇ ਪੁੱਤਰ, ਸਾਬਕਾ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ ਤੇ ਉਸ ਦੇ ਪੁੱਤਰ, ਚਰਨਜੀਤ ਸਿੰਘ ਸਰਪੰਚ ਸੱਕਾਂਵਾਲੀ, ਵਿਧਾਇਕ ਦੇ ਸਕੱਤਰ ਬਿੰਦਰ ਸਿੰਘ ਗੋਨੇਆਣਾ ਅਤੇ ਨਿੰਮਾ ਰੁਪਾਣਾ ਸਣੇ ਕਰੀਬ 250 ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 307, 364, 522, 323, 148, 149, ਆਰਮਜ਼ ਐਕਟ 25, 27 ਤਹਿਤ ਥਾਣਾ ਸਿਟੀ ਮੁਕਤਸਰ ਵਿਖੇ ਦਰਜ ਕੀਤਾ ਗਿਆ ਹੈ। ਸ੍ਰੀ ਯਾਦੂ ਨੇ ਪੁਲੀਸ ਦੀ ਕਾਰਵਾਈ ਉਪਰ ਵੀ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਮੌਕੇ ’ਤੇ ਮੌਜੂਦ ਇਕ ਥਾਣਾ ਮੁਖੀ ਚਾਹੁੰਦਾ ਤਾਂ ਝਗੜਾ ਹੋਣ ਤੋਂ ਬਚਾਅ ਹੋ ਸਕਦਾ ਸੀ ਅਤੇ ਉਸ ਤੋਂ ਬਾਅਦ ਵੀ ਪੁਲੀਸ ਨੇ ਆਪਣੀ ਮਰਜ਼ੀ ਨਾਲ ਹੀ ਦੋਸ਼ੀ ਨਾਮਜ਼ਦ ਕਰ ਦਿੱਤੇ ਅਤੇ ਅਸਲ ਦੋਸ਼ੀ ਛੱਡ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਖੇਤਰ ’ਚ ਰਾਜਨੀਤੀ ਨੂੰ ਸਵੱਛ ਕਰਨ ਦੀ ਖਾਤਰ ਇਸ ਮਾਮਲੇ ’ਚ ਕਿਸੇ ਵੀ ਦੋਸ਼ੀ ਨੂੰ ਨਾਮਜ਼ਦ ਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਹਿੰਸਾ ਦੇ ਹੋਰ ਮਾਮਲਿਆਂ ਦੇ ਮੁਦਈਆਂ ਨੂੰ ਵੀ ਅਪੀਲ ਕੀਤੀ ਕਿ ਉਹ ਜੇਕਰ ਕਿਸੇ ਨੌਜਵਾਨ ਦਾ ਭਵਿੱਖ ਬਰਬਾਦ ਹੁੰਦਾ ਹੋਵੇ ਤਾਂ ਮੁਕਦਮੇਬਾਜ਼ੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸ ਸਬੰਧ ਵਿੱਚ ਡੀ. ਐਸ. ਸੀ. ਹਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਸ ਮਾਮਲੇ ’ਚ ਪੁਲੀਸ ਵੱਲੋਂ ਮੈਰਿਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।