ਲਖਵੀਰ ਸਿੰਘ ਚੀਮਾ
ਟੱਲੇਵਾਲ, 5 ਨਵੰਬਰ
ਪਿੰਡ ਗਹਿਲ ਵਿੱਚ ਬਠਿੰਡਾ ਬਰਾਂਚ ਦੀ ਲੰਘਦੀ ਨਹਿਰ ਕੋਲ ਬਣੀ ਨਹਿਰੀ ਵਿਭਾਗ ਦੀ ਕੋਠੀ ਪਿਛਲੇ 32 ਸਾਲਾਂ ਦੇ ਲੰਮੇ ਸਮੇਂ ਤੋਂ ਖਸਤਾ ਹਾਲ ਬਣੀ ਹੋਈ ਹੈ। ਇਸ ਨਹਿਰੀ ਕੋਠੀ ਦੀ ਛੱਤ ਅਤੇ ਇਮਾਰਤ ਪੂਰੀ ਤਰ੍ਹਾਂ ਖੰਡਰ ਬਣ ਚੁੱਕੀ ਹੈ। ਕੋਠੀ ਦੇ ਆਲੇ ਦੁਆਲੇ ਬਣੇ ਕਮਰੇ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੇ ਹਨ। ਸਰਕਾਰੀ ਦੀ ਬੇਧਿਆਨੀ ਅਤੇ ਮਹਿਕਮੇ ਵਲੋਂ ਸੰਭਾਲ ਨਾ ਕੀਤੇ ਜਾਣ ਕਾਰਨ ਹੁਣ ਇਹ ਕੋਠੀ ਲਾਵਾਰਿਸ ਪਸ਼ੂਆਂ ਦਾ ਅਰਾਮ ਘਰ ਬਣ ਚੁੱਕੀ ਹੈ। ਇਸ ਥਾਂ ’ਤੇ ਡਿੱਗੇ ਅਤੇ ਖੜੇ ਦਰੱਖਤ ਸਿਊਂਕ ਦੀ ਭੇਟ ਚੜ੍ਹਦੇ ਜਾ ਰਹੇ ਹਨ। ਇਸ ਸਬੰਧੀ ਪਿੰਡ ਗਹਿਲ ਦੇ ਦਰਬਾਰਾ ਸਿੰਘ ਗਹਿਲ, ਗੁਰਦੀਪ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਅੰਗਰੇਜ਼ੀ ਸ਼ਾਸ਼ਨ ਸਮੇਂ ਨਹਿਰੀ ਵਿਭਾਗ ਵਲੋਂ ਪੰਜ ਏਕੜ ਤੋਂ ਵੱਧ ਜਗ੍ਹਾ ’ਤੇ ਕੋਠੀ ਦਾ ਨਿਰਮਾਣ ਕਰਵਾਇਆ ਗਿਆ ਸੀ ਪਰ ਹੁਣ ਵਿਭਾਗ ਵਲੋਂ ਇਸ ਨੂੰ ਵਰਤੋਂ ਵਿੱਚ ਨਹੀਂ ਲਿਆ ਜਾ ਰਿਹਾ। ਕਈ ਦਰੱਖਤ ਅਣਦੇਖੀ ਕੀਤੇ ਜਾਣ ਕਾਰਨ ਸਿਉਂਕ ਦੀ ਭੇਟ ਚੜ੍ਹ ਕੇ ਡਿੱਗ ਚੁੱਕੇ ਹਨ। ਸਰਕਾਰੀ ਲੱਕੜ ਪਈ ਪਈ ਖ਼ਰਾਬ ਹੋ ਰਹੀ ਹੈ। ਇਨ੍ਹਾਂ ਦਰੱਖਤਾਂ ਤੋਂ ਮੁਨਾਫ਼ਾ ਕਮਾਇਆ ਜਾ ਸਕਦਾ ਸੀ।
ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਨਹਿਰੀ ਕੋਠੀ ਦੀ ਨਵੇਂ ਸਿਰਿਓਂ ਮੁਰੰਮਤ ਕਰਵਾ ਕੇ ਕਰਮਚਾਰੀਆਂ ਨੂੰ ਡਿਊਟੀ ਦੇਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਦਰੱਖਤਾਂ ਵੱਲ ਧਿਆਨ ਦਿੱਤਾ ਜਾਵੇ।
ਦਰੱਖ਼ਤਾਂ ਦੀ ਸੰਭਾਲ ਜਾ ਜ਼ਿੰਮਾ ਜੰਗਲਾਤ ਵਿਭਾਗ ਦਾ ਹੈ: ਅਧਿਕਾਰੀ
ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਹਰਸ਼ਾਂਤ ਵਰਮਾ ਨੇ ਦੱਸਿਆ ਕਿ ਇਨ੍ਹਾਂ ਕੋਠੀਆਂ ਵਿੱਚ ਹੁਣ ਵਿਭਾਗ ਦਾ ਕੋਈ ਕੰਮਕਾਜ ਨਹੀਂ ਹੁੰਦਾ, ਜਦੋਂਕਿ ਦਰੱਖ਼ਤਾਂ ਦੀ ਸੰਭਾਲ ਦਾ ਜ਼ਿੰਮਾ ਜੰਗਲਾਤ ਵਿਭਾਗ ਨੂੰ ਸੌਂਪਿਆ ਹੋਇਆ ਹੈ।