ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਅਪਰੈਲ
ਇੱਥੇ ਅਕਾਲਸਰ ਰੋਡ ’ਤੇ ਫਰਨੀਚਰ ਸ਼ੋਅ ਰੂਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਜਸਵੰਤ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਫ਼ਾਇਰ ਅਫ਼ਸਰ ਜਗਦੀਸ਼ ਚੰਦਰ ਨੇ ਦੱਸਿਆ ਕਿ ਮੁਢਲੀ ਪੜਤਾਲ ਮੁਤਾਬਕ ਭਾਗ ਫਰਨੀਚਰ ਸ਼ੋਅ ਰੂਮ ਦੀ ਬੇਸਮੈਂਟ ਵਿੱਚ ਬਿਜਲੀ ਸਰਕਟ ਸ਼ਾਰਟ ਹੋਣ ਕਾਰਨ ਅੱਗ ਲੱਗ ਗਈ ਅਤੇ ਪੂਰੇ ਸ਼ੋਅ ਰੂਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਸ਼ੋਅ ਰੂਮ ਦੇ ਬੇਸਮੈਂਟ ਵਿੱਚ ਪਏ ਫਰਨੀਚਰ ਜਿਸ ਵਿੱਚ ਬੈਡ, ਸੋਫਾ ਸੈੱਟ ਅਤੇ ਹੋਰ ਕੀਮਤੀ ਫਰਨੀਰਚ ਸੜ ਕੇ ਸੁਆਹ ਹੋ ਗਿਆ ਤੇ ਕੁਝ ਸਾਮਾਨ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਲਈ ਪਾਈਪਾਂ ਰਾਹੀਂ ਪਾਏ ਗਏ ਪਾਣੀ ਨਾਲ ਫਰਨੀਚਰ ਖਰਾਬ ਹੋ ਗਿਆ। ਕੌਂਸਲਰ ਮਨਜੀਤ ਸਿੰਘ ਧੰਮੂ ਨੇ ਕਿਹਾ ਕਿ ਬੈਸਮੈਂਟ ਵਿੱਚ ਪਾਣੀ ਭਰ ਗਿਆ ਹੈ ਤੇ ਸਾਫ ਕਰਨ ਤੋਂ ਬਾਅਦ ਹੀ ਹੋਏ ਨੁਕਸਾਨ ਦਾ ਪਤਾ ਚੱਲ ਸਕੇਗਾ।