ਪੱਤਰ ਪ੍ਰੇਰਕ
ਬਰੇਟਾ, 24 ਜਨਵਰੀ
ਬਰੇਟਾ ਥਾਣੇ ਦੇ ਪਿੰਡ ਖੁਡਾਲ ਕਲਾਂ ਦੇ ਕਿਸਾਨ ਭੋਲਾ ਸਿੰਘ (48) ਦੀ ਬੀਤੇ ਦਿਨ ਕਿਸਾਨ ਸੰਘਰਸ਼ ਦੇ ਟਿਕਰੀ ਮੋਰਚੇ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਾਥੀ ਕਿਸਾਨ ਉਸ ਦੀ ਲਾਸ਼ ਲੈ ਕੇ ਬੀਤੀ ਰਾਤ ਇੱਥੇ ਪੈਟਰੋਲ ਪੰਪ ’ਤੇ ਲੱਗੇ ਮੋਰਚੇ ’ਤੇ ਪੁੱਜੇ। ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਵਿਚ ਕਿਸਾਨ ਦੀ ਲਾਸ਼ ਨੂੰ ਕਿਸਾਨਾਂ ਦੇ ਕਾਫ਼ਲੇ ਨਾਲ ਬਰੇਟਾ ਸ਼ਹਿਰ ਵਿੱਚੋਂ ਦੀ ਖੁਡਾਲ ਕਲਾਂ ਲਿਜਾਇਆ ਗਿਆ। ਜਿੱਥੇ ਕਿਸਾਨ ਸੰਗਠਨਾਂ ਦੇ ਆਗੂਆਂ ਸਣੇ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ। ਅਰਥੀ ’ਤੇ ਕਿਸਾਨੀ ਝੰਡੇ ਪਾ ਕੇ ਸ਼ਮਸਾਨ ਘਾਟ ਲਿਜਾਇਆ ਗਿਆ। ਇਸ ਸਮੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੇਜਰ ਸਿੰਘ ਗੋਬਿੰਦਪੁਰਾ, ਸੁਖਪਾਲ ਸਿੰਘ ਗੋਰਖਨਾਥ, ਚਰਨਜੀਤ ਸਿੰਘ, ਗੁਰਜੀਤ ਸਿੰਘ ਲਾਲੂ, ਰਾਮਲਾਜ ਸਿੰਘ ਬਹਾਦਰਪੁਰ, ਗੁਰਮੇਲ ਸਿੰਘ ਰੰਘੜਿਆਲ, ਬੂਟਾ ਸਿੰਘ ਜਲਵੇੜ੍ਹਾ, ਸੁਖਦੇਵ ਸਿੰਘ ਕਿਸਨਗੜ੍ਹ, ਕਰਮਜੀਤ ਸਿੰਘ ਸੰਘਰੇੜੀ, ਅਮਰੀਕ ਸਿੰਘ ਕਿਸਨਗੜ੍ਹ, ਸਰਪੰਚ ਗੁਰਮੇਲ ਕੌਰ, ਆੜਤੀ ਗੋਰਾ ਲਾਲ ਕੁਲਰੀਆਂ, ਤਾਰਾ ਚੰਦ ਬਰੇਟਾ, ਜਸਵੀਰ ਕੌਰ ਖੁਡਾਲ, ਜਸਵਿੰਦਰ ਕੌਰ ਬਹਾਦਰਪੁਰ, ਬਲਵਿੰਦਰ ਸਿੰਘ ਪਟਵਾਰੀ ਆਦਿ ਸ਼ਾਮਲ ਸਨ।