ਪਵਨ ਗੋਇਲ
ਭੁੱਚੋ ਮੰਡੀ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਤੇ ‘ਭਾਰਤ ਬੰਦ’ ਦੇ ਸੱਦੇ ਨੂੰ ਅੱਜ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਭੁੱਚੋ ਮੰਡੀ ਦੇ ਬਾਜ਼ਾਰ ਬੰਦ ਰਹੇ ਪਰ ਸਿਹਤ ਸਹੂਲਤਾਂ ਜਾਰੀ ਰਹੀਆਂ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜਾਮ ਲਾਇਆ ਗਿਆ। ਇਸ ਵਿੱਚ ਬੈਸਟ ਪ੍ਰਾਈਸ ਮਾਲ ਦੇ ਮੁਲਾਜ਼ਮਾਂ ਸਮੇਤ ਹਰ ਵਰਗ ਦੇ ਲੋਕਾਂ ਅਤੇ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ। ਕਿਸਾਨਾਂ ਵੱਲੋਂ ਐਂਬੂਲੈਂਸਾਂ ਅਤੇ ਵਿਦਿਆਰਥੀਆਂ ਨੂੰ ਲੰਘਣ ਦੀ ਛੋਟ ਸੀ, ਪਰ ਉਗਰਾਹਾਂ ਧੜੇ ਵੱਲੋਂ ਮੋਟਰਸਾਈਕਲ ਸਵਾਰਾਂ ਸਮੇਤ ਹੋਰ ਲੋੜਵੰਦਾਂ ਨੂੰ ਵੀ ਆਸਾਨੀ ਨਾਲ ਲੰਘਾਇਆ ਗਿਆ ਤਾਂ ਜੋ ਕਿਸੇ ਨੂੰ ਬੇਲੋੜੀ ਪ੍ਰੇਸ਼ਾਨੀ ਨਾ ਹੋਵੇ।
ਜਾਮ ਦੀ ਅਗਵਾਈ ਕਰ ਰਹੀ ਔਰਤ ਵਿੰਗ ਦੀ ਸੂਬਾਈ ਪ੍ਰਧਾਨ ਹਰਿੰਦਰ ਕੌਰ ਬਿੰਦੂ, ਬਲਾਕ ਆਗੂ ਬਲਜੀਤ ਸਿੰਘ ਪੂਹਲਾ, ਗੁਰਜੰਟ ਸਿੰਘ, ਸਿਮਰਜੀਤ ਸਿੰਘ, ਅਜਮੇਰ ਸਿੰਘ ਅਤੇ ਬਲਤੇਜ ਸਿੰਘ, ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਮਿੱਠੂ ਖਾਨ ਗੁਰਦੇਵ ਸਿੰਘ ਤੁੰਗਵਾਲੀ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ। ਇਸ ਦੌਰਾਨ ਭਾਕਿਯੂ ਡਕੌਂਦਾ ਵੱਲੋਂ ਕੌਮੀ ਮਾਰਗ ’ਤੇ ਭੁੱਚੋ ਕੈਂਚੀਆਂ ਚੌਕ ਵਿੱਚ ਜਾਮ ਲਾ ਕੇ ਆਵਾਜਾਈ ਰੋਕੀ ਗਈ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ, ਸਰਬਜੀਤ ਸਿੰਘ ਜੈਦ, ਲਖਵੀਰ ਪੂਹਲੀ, ਚੰਦ ਸਿੰਘ, ਬੱਬੀ ਸਿੰਘ, ਜਗਦੇਵ ਸਿੰਘ, ਰਛਪਾਲ ਸਮਾਘ ਅਤੇ ਤੇਜਾ ਸਿੰਘ ਨੇ ਸੰਬੋਧਨ ਕੀਤਾ।
ਬਠਿੰਡਾ (ਮਨੋਜ ਸ਼ਰਮਾ): ਅੱਜ ਜ਼ਿਲ੍ਹੇ ਤੋਂ ਇਲਾਵਾ ਰਾਮਾਂ ਮੰਡੀ, ਮੌੜ ਮੰਡੀ, ਗੋਨਿਆਣਾ ਮੰਡੀ, ਭੁੱਚੋ ਮੰਡੀ, ਸੰਗਤ ਮੰਡੀ, ਰਾਮਪੁਰਾ ਮੰਡੀ ਸਮੇਤ ਤਲਵੰਡੀ ਸਾਬੋ, ਨਥਾਣਾ ਅਤੇ ਪੇਂਡੂ ਕਸਬੇ ਮਹਿਮਾ ਸਰਜਾ, ਏਅਰ ਫੋਰਸ ਸਟੇਸ਼ਨ ਮਾਰਕੀਟ ਤੋਂ ਇਲਾਵਾ ਪਿੰਡਾਂ ਵਿੱਚ ਵੀ ਛੋਟੇ ਦੁਕਾਨਦਾਰਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ‘ਭਾਰਤ ਬੰਦ’ ਨੂੰ ਭਰਵਾਂ ਸਮਰਥਨ ਦਿੱਤਾ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਸ਼ਾਹਰਾਹ ਸਮੇਤ ਟੌਲ ਪਲਾਜ਼ੇ ਜਾਮ ਰੱਖੇ ਗਏ। ਸ਼ਹਿਰ ਅੰਦਰ ਦੋਧੀਆਂ ਦੇ ਮੋਟਰਸਾਈਕਲਾਂ ਦੀ ਗੂੰਜ ਵੀ ਬੰਦ ਰਹੀ ਅਤੇ ਸਬਜ਼ੀਆਂ ਸਮੇਤ ਹਰੇ ਚਾਰੇ ਦੀ ਟਰਾਲੀਆਂ ਸ਼ਹਿਰ ਨਹੀਂ ਪੁੱਜੀਆਂ। ਗੋਨਿਆਣਾ ਬਲਾਕ ਅੰਦਰ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਬਣੇ ਜੀਦਾ ਟੌਲ ਪਲਾਜ਼ਾ ’ਤੇ ਜਾਮ ਲਾਇਆ ਗਿਆ। ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਨੂੰ ਪਿੰਡ ਬੁਰਜ ਮਹਿਮਾ ਕੋਲ ਜਾਮ ਲਾਇਆ ਗਿਆ। ਕੁਝ ਲੋਕ ‘ਭਾਰਤ ਬੰਦ’ ਦੇ ਸੱਦੇ ਤੋਂ ਅਣਜਾਣ ਪੇਂਡੂ ਬੱਸ ਅੱਡਿਆਂ ’ਤੇ ਸ਼ਹਿਰ ਜਾਣ ਲਈ ਬੱਸਾਂ ਉਡੀਕਦੇ ਰਹੇੇ।
ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਾਂਗੇ: ਡੱਲੇਵਾਲ
ਰਾਮਪੁਰਾ ਫੂਲ (ਗੁਰਜੀਤ ਭੁੱਲਰ): ਵੱਖ-ਵੱਖ ਯੂਨੀਅਨਾਂ ਵੱਲੋਂ ਰਾਮਪੁਰਾ ਦੇ ਮੌੜ ਚੌਕ ਅਤੇ ਰੇਲਵੇ ਸਟੇਸ਼ਨ ’ਤੇ ਲੱਗੇ ਪੱਕੇ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਚੱਕਾ ਜਾਮ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਮੋਰਚੇ ਵਿੱਚ ਬੀਕੇਯੂ ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ